ਪੀ.ਆਰ.ਟੀ.ਸੀ. ਬੱਸ ਚੋਰੀ ਕਰਨ ਵਾਲਾ ਬਠਿੰਡਾ ਪੁਲਿਸ ਨੇ ਦਬੋਚਿਆ


ਬਠਿੰਡਾ, 30 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਬੀਤੇ ਦਿਨੀਂ ਜ਼ਿਲ੍ਹੇ ਅਧੀਨ ਪੈਂਦੇ ਮੌੜ ਵਿਖੇ ਪੀ.ਆਰ.ਟੀ.ਸੀ. ਬੱਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਪੁਲਿਸ ਨੇ ਮੁਸ਼ਤੈਦੀ ਵਰਤਦਿਆਂ 48 ਘੰਟਿਆਂ ‘ਚ ਮਾਮਲੇ ਦੀ ਮੁਕੰਮਲ ਜਾਂਚ ਉਪਰੰਤ ਅਮਨਿੰਦਰ ਸਿੰਘ ਉਰਫ ਲੰਬੂ ਪੁੱਤਰ ਬਲਬੀਰ ਸਿੰਘ ਵਾਸੀ ਆਸਾ ਪੱਟੀ, ਮੌੜ ਮੰਡੀ (ਉਮਰ 38 ਸਾਲ) ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਮੌੜ ਵਿਚ ਦਰਜ ਪੀ.ਆਰ.ਟੀ.ਸੀ. ਬੱਸ ਚੋਰੀ ਮਾਮਲੇ ਦੀ ਜਾਂਚ ਦੇ ਮੱਦੇਨਜ਼ਰ ਥਾਣਾ ਮੌੜ ਅਤੇ ਸੀ.ਆਈ.ਏ. ਸਟਾਫ-2 ਬਠਿੰਡਾ ਦੀਆਂ ਟੀਮਾਂ ਨੂੰ ਨਿਯੁਕਤ ਕੀਤਾ ਗਿਆ ਸੀ, ਟੀਮਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਅਤੇ ਹੋਰ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਜਾਂਚ ਅੱਗੇ ਵਧਾਈ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇ ਕਬਜ਼ੇ ਵਿਚੋਂ ਕੁਝ ਚਾਬੀਆਂ (ਜੋ ਪੀ.ਆਰ.ਟੀ.ਸੀ. ਬੱਸ ਦੀਆਂ ਚਾਬੀਆਂ ਵਰਗੀ ਹਨ) ਅਤੇ ਇਕ ਛੋਟੀ ਛੁਰੀ ਵੀ ਬਰਾਮਦ ਹੋਈ ਹੈ। ਬਠਿੰਡਾ ਪੁਲਿਸ ਵਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ 112 ‘ਤੇ ਦੇਣ ਤਾਂ ਜੋ ਸ਼ਹਿਰ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।