ਭਿਆਨਕ ਸੜਕ ਹਾਦਸੇ ‘ਚ ਸਹਾਇਕ ਥਾਣੇਦਾਰ ਦੀ ਮੌਤ


ਬਠਿੰਡਾ, 17 ਜੂਨ 2025 (ਨਿਊਜ਼ ਟਾਊਨ ਨੈਟਵਰਕ):
ਬਠਿੰਡਾ ਜ਼ਿਲ੍ਹ ਦੀ ਰਾਮਪੁਰਾ ਮੰਡੀ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਇੱਕ ਏਐਸਆਈ ਦੀ ਮੌਤ ਹੋ ਗਈ ਹੈ ਜਦੋਂ ਕਿ ਤਿੰਨ ਪੁਲਿਸ ਮੁਲਾਜ਼ਮਾਂ ਦੇ ਚੋਟਾਂ ਆਈਆਂ ਹਨ। ਮੌਤ ਦੇ ਮੂੰਹ ਜਾ ਪਏ ਏਐਸਆਈ ਦੀ ਪਹਿਚਾਣ ਜਲੰਧਰ ਸਿੰਘ ਵੱਜੋਂ ਹੋਈ ਹੈ ਜੋ ਸੀਆਈਏ ਸਟਾਫ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਪਟਿਆਲਾ ਜ਼ਿਲ੍ਹੇ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਵਾਪਸ ਆ ਰਹੀ ਸੀ ਤਾਂ ਰਾਮਪੁਰਾ ਦੇ ਨਜ਼ਦੀਕ ਉਨਾਂ ਦੀ ਗੱਡੀ ਅੱਗੇ ਜਾ ਰਹੇ ਟਰਾਲੇ ਦੇ ਪਿੱਛੇ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਦੀ ਗੱਡੀ ਦੇ ਪਰਖਚੇ ਉੱਡ ਗਏ। ਇਸ ਹਾਦਸੇ ਦੌਰਾਨ ਏਐਸਆਈ ਜਲੰਧਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਇੰਸਪੈਕਟਰ ਰਾਜਵੀਰ ਸਿੰਘ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਬਠਿੰਡਾ ਦਾਖਲ ਕਰਵਾਇਆ ਗਿਆ ਹੈ।
ਇੰਸਪੈਕਟਰ ਰਾਜਵੀਰ ਸਿੰਘ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ। ਇਸ ਮੌਕੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਹਨ, ਜੋ ਜੇਰੇ ਇਲਾਜ ਹਨ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ ਏਐਸਆਈ ਜਲੰਧਰ ਸਿੰਘ ਦੇ ਇਸ ਹਾਦਸੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।