ਬੰਗਲਾਦੇਸ਼ ਦੀ ਮੈਂਗੋ ਡਿਪਲੋਮੇਸੀ, ਪੀਐਮ ਮੋਦੀ ਨੂੰ ਭੇਜੇ 1000 ਕਿਲੋ ਅੰਬ


ਭਾਰਤ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਪਹਿਲਕਦਮੀ

ਢਾਕਾ/ ਨਵੀਂ ਦਿੱਲੀ, 14 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਪ੍ਰੋਫ਼ੈਸਰ ਮੁਹੰਮਦ ਯੂਨਸ ਨੇ ਭਾਰਤ ਨੂੰ 1,000 ਕਿਲੋਗ੍ਰਾਮ ‘ਹਰੀਭੰਗਾ’ ਕਿਸਮ ਦੇ ਅੰਬ ਭੇਜੇ ਹਨ। ਇਹ ਪ੍ਰਧਾਨ ਮੰਤਰੀ ਮੋਦੀ, ਭਾਰਤੀ ਡਿਪਲੋਮੈਟਾਂ ਅਤੇ ਹੋਰ ਅਧਿਕਾਰੀਆਂ ਨੂੰ ਤੋਹਫ਼ੇ ਵਜੋਂ ਦਿਤੇ ਜਾਣਗੇ। ਭਾਰਤ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿਚ ਬੰਗਲਾਦੇਸ਼ ਦੀ ਇਸ ਪਹਿਲਕਦਮੀ ਨੂੰ ‘ਮੈਂਗੋ ਡਿਪਲੋਮੇਸੀ’ ਕਿਹਾ ਜਾ ਰਿਹਾ ਹੈ। ਇਸ ਤਹਿਤ ਅੰਤਰਿਮ ਸਰਕਾਰ ਨੇ ਹਰੀਭੰਗਾ ਕਿਸਮ ਦੇ ਅੰਬ ਨਾ ਸਿਰਫ਼ ਕੇਂਦਰ ਸਰਕਾਰ ਨੂੰ ਸਗੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੂੰ ਵੀ ਭੇਜੇ ਹਨ। ਇਹ 300 ਕਿਲੋਗ੍ਰਾਮ ਅੰਬ 60 ਡੱਬਿਆਂ ਵਿਚ ਪੈਕ ਕੀਤੇ ਗਏ ਸਨ ਅਤੇ ਵੀਰਵਾਰ ਸ਼ਾਮ ਲਗਭਗ 5:15 ਵਜੇ ਅਖੌਰਾ ਲੈਂਡ ਪੋਰਟ ਰਾਹੀਂ ਭੇਜੇ ਗਏ ਸਨ। ਅੰਬ ਦੀ ਹਰੀਭੰਗਾ ਕਿਸਮ ਨੂੰ ਬੰਗਲਾਦੇਸ਼ ਵਿਚ ਇਕ ਪ੍ਰੀਮੀਅਮ ਅੰਬ ਮੰਨਿਆ ਜਾਂਦਾ ਹੈ। ਇਸ ਦੀ ਗੁਣਵੱਤਾ ਬਹੁਤ ਵਧੀਆ ਮੰਨੀ ਜਾਂਦੀ ਹੈ। ਇਹ ਭਾਰਤ ਵਿਚ ਬਹੁਤ ਮਸ਼ਹੂਰ ਹੈ। ਬੰਗਲਾਦੇਸ਼ੀ ਅਖ਼ਬਾਰ ਡੇਲੀ ਸਨ ਨੇ ਬੰਗਲਾਦੇਸ਼ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਆਮ ਸਦਭਾਵਨਾ ਦੇ ਪ੍ਰਤੀਕ ਵਜੋਂ ਭੇਜੇ ਗਏ ਹਨ।