ਪੰਜਾਬੀ, ਦਿੱਲੀ ਵਾਲਿਆਂ ਦੇ ਦਿਹਾੜੀਦਾਰ ਨਾ ਬਣਨ : ਸੁਖਬੀਰ ਸਿੰਘ ਬਾਦਲ

ਕਿਹਾ, ਚੇਅਰਮੈਨੀਆਂ ਤੇ ਹੋਰ ਅਹੁਦੇ ਦਿੱਲੀ ਵਾਲਿਆਂ ਨੂੰ ਦੇ ਕੇ ਥੋਖਾ ਕਰ ਰਹੀ ਹੈ ਝਾੜੂ ਪਾਰਟੀ
ਸੁਖਬੀਰ ਬਾਦਲ ਨੇ ਲਾਏ ਲੁਧਿਆਣਾ ਪੱਛਮੀ ਹਲਕੇ ਵਿਚ ਡੇਰੇ

ਲੁਧਿਆਣਾ, 5 ਜੂਨ (ਨਿਊਜ਼ ਟਾਊਨ ਨੈਟਵਰਕ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉਪ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਵਾਰਡਾਂ ਵਿਚ ਖੁਦ ਪੁੱਜ ਕੇ ਜਿਥੇ ਚੋਣ ਪ੍ਰਚਾਰ ਨੂੰ ਤੇਜ਼ ਕੀਤਾ, ਉਥੇ ਉਨ੍ਹਾਂ ਬੂਥ ਪੱਧਰ ਤੇ ਬਣੀਆਂ ਕਮੇਟੀਆਂ ਨਾਲ ਵੀ ਵਿਸ਼ੇਸ਼ ਤੌਰ ‘ਤੇ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਉਤੇ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਚੁੱਕਾ ਹੈ। ਦਿੱਲੀ ਵਾਲੇ ਪੰਜਾਬੀਆਂ ਨੂੰ ਅਪਣੇ ਦਿਹਾੜੀਦਾਰ ਸਮਝਦੇ ਹਨ ਕਿਉਂਕਿ ਚੇਅਰਮੈਨੀਆਂ ਅਤੇ ਹੋਰ ਅਹੁਦੇ ਤਾਂ ਦਿੱਲੀ ਜਾਂ ਹੋਰ ਰਾਜਾਂ ਦੇ ਨੇਤਾਵਾਂ ਨੂੰ ਦਿਤੇ ਜਾ ਰਹੇ ਹਨ। ਅੱਜ ਪੰਜਾਬ ਦੇ ਹਰ ਮਹਿਕਮੇ ਵਿਚ ਦਿੱਲੀ ਵਾਲਾ ਉੱਚੇ ਅਹੁਦੇ ਉਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦਾ ਹਰ ਵਰਗ ਝਾੜੂ ਪਾਰਟੀ ਤੋਂ ਦੁਖੀ ਹੋ ਚੁੱਕਾ ਹੈ। ਕਿਸਾਨ ਆਗੂਆਂ ਨੂੰ ਝਾੜੂ ਪਾਰਟੀ ਬਲੇਕ-ਮੇਲਰ ਦੱਸ ਰਹੀ ਹੈ। ਮੁਲਜ਼ਮਾਂ ਨੂੰ ਭ੍ਰਿਸ਼ਟਾਚਾਰੀ ਆਖ ਰਹੀ ਹੈ। ਵਪਾਰੀਆਂ ਨੂੰ ਉਪਰ ਦਿੱਲੀ ਤੋਂ ਲਿਆ ਕੇ ਲੁੱਟਣ ਵਾਲੇ ਚੇਅਰਮੈਨ ਲਿਆ ਕੇ ਬਿਠਾ ਦਿਤੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਮਝ ਚੁੱਕੇ ਹਨ, ਮੈਨੂੰ ਉਮੀਦ ਹੈ ਕਿ ਹਲਕਾ ਲੁਧਿਆਣਾ ਪਛਮੀ ਦੀ ਚੋਣ ਅਕਾਲੀ ਦਲ ਜ਼ਰੂਰ ਜਿਤੇਗਾ ਅਤੇ ਇਸ ਚੋਣ ਤੋਂ ਹੀ 2027 ਦੀ ਸਰਕਾਰ ਦੀ ਕਾਇਮੀ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਸਾਰੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਨਿੱਕੇ-ਮੋਟੇ ਗੁੱਸੇ-ਗਿਲੇ ਭੁਲਾ ਕੇ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਕੰਮ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮੁਲਾਜ਼ਮਾਂ ਦਾ ਵਿਰੋਧ ਕਰਕੇ ਕਦੇ ਕੋਈ ਪਾਰਟੀ ਪੰਜਾਬ ਵਿਚ ਰਾਜ ਨਹੀਂ ਕਰ ਸਕਦੀ ਹੈ। ਝਾੜੂ ਪਾਰਟੀ ਇਸ ਵੇਲੇ ਸਿੱਧੇ ਤੌਰ ਤੇ ਕਿਸਾਨਾਂ ਵਿਰੁਧ ਜ਼ਹਿਰ ਉਗਲ ਰਹੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਪਛਮੀ ਵਿਖੇ ਜ਼ਿਮਨੀ ਚੋਣ ਵਿਚ ਅਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਪ੍ਰਦਰਸ਼ਨ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਖੁਦ ਕਮਾਨ ਸੰਭਾਲੀ ਹੋਈ ਹੈ। ਉਨ੍ਹਾਂ ਪਿਛਲੇ ਦੋ ਦਿਨ ਤੋਂ ਲੁਧਿਆਣਾ ਵਿਖੇ ਹੀ ਡੇਰੇ ਲਾਏ ਹੋਏ ਹਨ। ਹਾਲਾਂਕਿ ਮੀਡੀਆ ਨੂੰ ਸੁਖਬੀਰ ਸਿੰਘ ਬਾਦਲ ਦੇ ਲੁਧਿਆਣਾ ਵਿਚ ਪ੍ਰਚਾਰ ਕਰਨ ਬਾਰੇ ਕੁੱਝ ਨਹੀਂ ਦੱਸਿਆ ਜਾ ਰਿਹਾ ਹੈ। ਉਹ ਇਕ-ਇਕ ਵਾਰਡ ਵਿਚ ਜਾ ਰਹੇ ਹਨ। ਉਨ੍ਹਾਂ ਨੂੰ ਮਿਲਣ ਵਾਲਿਆਂ ਤਾਂਤਾ ਲੱਗਾ ਰਹਿੰਦਾ ਹੈ। ਸੂਚਨਾ ਮਿਲੀ ਹੈ ਕਿ ਉਨ੍ਹਾਂ ਪਹਿਲਾਂ ਵਾਰਡ ਨੰਬਰ 57 ਵਿਚ ਅਤੇ ਹੁਣ ਹੋਰ ਵਾਰਡਾਂ ਵਿਚ ਲੋਕਾਂ ਤੋਂ ਬਹੁਤ ਪਿਆਰ-ਸਤਿਕਾਰ ਮਿਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਅਪਣੀ ਫੇਸਬੁਕ ਉਤੇ ਲਿਖਿਆ ਕਿ ਲੁਧਿਆਣਾ ਪੱਛਮੀ ਹਲਕੇ ਵਿਚ ਬੈਠਕਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰ ਦਿਨ ਸੰਗਤ ਦੇ ਪਿਆਰ ਅਤੇ ਅਪੱਣਤ ਸਦਕਾ ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਲਾ ਵੱਡਾ ਹੁੰਦਾ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਿਸ ਖੁੱਲ੍ਹ ਦਿਲੀ ਨਾਲ ਹਲਕਾ ਨਿਵਾਸੀ ਚੋਣ ਮੁਹਿੰਮ ਵਿਚ ਸ਼ਮੂਲੀਅਤ ਕਰ ਰਹੇ ਹਨ, ਸਾਰੇ ਮਿਲ ਕੇ ਪਾਰਟੀ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਜ਼ਿਕਰਯੋਗ ਹੈ ਕਿ ਜਿਥੇ ਆਮ ਆਦਮੀ ਪਾਰਟੀ ਦੇ ਸੈਂਕੜੇ ਸੀਨੀਅਰ ਲੀਡਰ ਅਤੇ ਵਿਧਾਇਕ ਲੁਧਿਆਣਾ ਪਛਮੀ ਵਿਚ ਅਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ ਅਤੇ ਅਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ, ਉਥੇ ਇਕੱਠੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਹੀ ਮੈਦਾਨ ਵਿਚ ਡਟੇ ਹੋਏ ਹਨ। ਇਸ ਮੌਕੇ ਤੇ ਉਨ੍ਹਾਂ ਨਾਲ ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ , ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ, ਭੁਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਿਤ ਸਿੰਘ ਰਾਠੀ, ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ, ਹਲਕਾ ਇੰਚਾਰਜ ਪਟਿਆਲਾ ਦਿਹਾਤੀ ਜਸਪਾਲ ਸਿੰਘ ਬਿੱਟੂ ਚੱਠਾ, ਹਰਬਿੰਦਰ ਸਿੰਘ ਹੈਰੀ ਅਬੋਹਰ, ਜਥੇਦਾਰ ਕੰਮਲਜੀਤ ਸਿੰਘ ਮਠਾੜੂ, ਠੇਕੇਦਾਰ ਸੁਰਮੀਤ ਸਿੰਘ ਤਲਵੰਡੀ,ਬੀਬੀ ਪਵਨਦੀਪ ਕੌਰ ਗਿੱਲ, ਜਥੇਦਾਰ ਜਗਦੀਸ਼ ਸਿੰਘ ਬਿੱਟੂ, ਜਥੇਦਾਰ ਨਰੈਣ ਸਿੰਘ ਸਰਪੰਚ, ਸੋਹਣ ਸਿੰਘ, ਬੀਬੀ ਕਿਰਨ ਕੌਰ, ਐਸ ਸੀ ਕਪੂਰ, ਬੀਬੀ ਸੁਖਬੀਰ ਕੌਰ ਸੁਹਾਵੀ, ਸਤਵਿੰਦਰ ਸਿੰਘ ਮਠਾੜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ।