ਬਾਦਲ ਵਲੋਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਹੜ੍ਹਾਂ ਮਾਰੇ ਲੋਕਾਂ ਦੀ ਮਦਦ ਵਿਚ ਜੁਟ ਜਾਣ ਦੀ ਅਪੀਲ

0
Screenshot 2025-08-07 171513

(ਦੁਰਗੇਸ਼ ਗਾਜਰੀ)
ਚੰਡੀਗੜ੍ਹ, 26 ਅਗਸਤ :

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ ਹੜ੍ਹਾਂ ਦੇ ਵਿਗੜੇ ਹੋਏ ਹਾਲਾਤ ਦੇ ਮੱਦੇਨਜ਼ਰ ਪਾਰਟੀ ਕਾਡਰ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਮਾਰੇ ਇਲਾਕਿਆਂ ਵਿਚ ਲੋਕਾਂ ਦੀ ਮਦਦ ਵਾਸਤੇ ਤੁਰੰਤ ਨਿਤਰਣ। ਉਹਨਾਂ ਪਾਰਟੀ ਕਾਡਰ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਮਦਦ ਕਰਨ ਵਾਸਤੇ ਡੀਜ਼ਲ, ਪਲਾਸਟਿਕ ਪਾਈਪਾਂ, ਟਰੈਕਟਰ, ਖਾਣੇ ਦੇ ਪੈਕਿਟ ਤੇ ਪਸ਼ੂਆਂ ਲਈ ਚਾਰਾ ਪ੍ਰਭਾਵਤ ਇਲਾਕਿਆਂ ਵਿਚ ਪਹੁੰਚਦਾ ਕਰਨ। ਅਕਾਲੀ ਪ੍ਰਧਾਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਦੁੱਖ ਤਕਲੀਫ਼ ਤੋਂ ਬੇਪਰਵਾਹ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਚੇਨਈ ਵਿਚ ਛੁੱਟੀਆਂ ਮਨਾ ਰਹੇ ਹਨ ਜਦਕਿ ਸੂਬੇ ਦੇ ਲੋਕ ਹੜ੍ਹਾਂ ਦੀ ਮਾਰ ਹੇਠ ਆ ਕੇ ਮੁਸ਼ਕਲਾਂ ਝੱਲ ਰਹੇ ਹਨ। ਉਹਨਾਂ ਨੇ ਇਸ ਕਾਰਵਾਈ ਨੂੰ ਸ਼ਰਮਨਾਕ ਤੇ ਅਫ਼ਸੋਸਜਨਕ ਕਰਾਰ ਦਿੰਦਿਆਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹ ਪ੍ਰਭਾਵਤ ਲੋਕਾਂ ਨੂੰ ਫ਼ੌਰੀ ਅੰਤਰਿਮ ਰਾਹਤ ਪ੍ਰਦਾਨ ਕਰੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਹਰ ਪ੍ਰਭਾਵਤ ਥਾਂ ’ਤੇ ਲੋਕਾਂ ਤਕ ਪਹੁੰਚ ਕਰਨ ਅਤੇ ਮਦਦ ਕਰਨ ਦਾ ਹਰ ਸੰਭਵ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਫ਼ਾਜ਼ਿਲਕਾ, ਅਬੋਹਰ ਤੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਹੈ ਅਤੇ ਅੱਜ ਉਹ ਤਰਨਤਾਰਨ ਦੌਰੇ ’ਤੇ ਹਨ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਵੀ ਹੜ੍ਹਾਂ ਦੀ ਮਾਰ ਦੀ ਖ਼ਬਰ ਹੈ ਜਿਸ ਵਾਸਤੇ ਉਹਨਾਂ ਅਕਾਲੀ ਦਲ ਦੀ ਟੀਮ ਦੀ ਡਿਊਟੀ ਮੁਸ਼ਕਿਲਾਂ ਵਿਚ ਘਿਰੇ ਲੋਕਾਂ ਦੀ ਮਦਦ ਵਾਸਤੇ ਲਗਾਈ ਹੈ।

Leave a Reply

Your email address will not be published. Required fields are marked *