15 ਅਗਸਤ ਤੋਂ ਪਹਿਲਾਂ ਬੱਬਰ ਖ਼ਾਲਸਾ ਦੀ ਸਾਜ਼ਿਸ਼ ਨਾਕਾਮ


ਫ਼ਿਰੋਜ਼ਪੁਰ, 14 ਅਗਸਤ (ਨਿਊਜ਼ ਟਾਊਨ ਨੈਟਵਰਕ) :
ਪੰਜਾਬ ਪੁਲਿਸ ਨੇ ਆਜ਼ਾਦੀ ਦਿਵਸ (15 ਅਗਸਤ) ‘ਤੇ ਪੰਜਾਬ ਨੂੰ ਦਹਿਲਾਉਣ ਦੀ ਬੱਬਰ ਖ਼ਾਲਸਾ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫਿਰੋਜ਼ਪੁਰ ਵਿਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਸੂਚਨਾ ਦੇ ਆਧਾਰ ‘ਤੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਅੱਤਵਾਦੀ ਸਾਜਿਸ਼ ਪਾਕਿਸਤਾਨ ਵਿੱਚ ਲੁਕੇ ਹੋਏ ਬੱਬਰ ਖ਼ਲਸਾ ਇੰਟਰਨੈਸ਼ਨਲ (BKI) ਦੇ ਆਪਰੇਟਿਵ ਹਰਵਿੰਦਰ ਰਿੰਦਾ ਨੇ ਰਚੀ ਸੀ, ਜਿਸਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਸਮਰਥਨ ਪ੍ਰਾਪਤ ਸੀ।
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਆਰੋਪੀ ਯੂਕੇ, ਅਮਰੀਕਾ ਅਤੇ ਯੂਰਪ ਵਿੱਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਹ ਗ੍ਰਨੇਡਾਂ ਦੀ ਵਰਤੋਂ ਕਰਕੇ ਸਰਕਾਰੀ ਦਫਤਰਾਂ ਅਤੇ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ। ਗ੍ਰਿਫਤਾਰੀ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੈਂਡ ਗ੍ਰਨੇਡ, ਇੱਕ ਬੇਰੇਟਾ 9 ਐਮਐਮ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਕਾਰਵਾਈ ਕਰਕੇ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਰੋਕਿਆ ਗਿਆ, ਇਸ ਤਰ੍ਹਾਂ ਆਜ਼ਾਦੀ ਦਿਵਸ ਦੇ ਜਸ਼ਨਾਂ ਅਤੇ ਪੰਜਾਬ ਦੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਟਲ ਗਿਆ।