ਚੰਡੀਗੜ੍ਹ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ  : ਐਮਪੀ ਸਤਨਾਮ ਸਿੰਘ ਸੰਧੂ

0
Screenshot 2025-09-13 132554

ਚੰਡੀਗੜ੍ਹ, 13 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਚੰਡੀਗੜ੍ਹ ਪ੍ਰਸ਼ਾਸਨ ਦੀ ਲਾਅ ਐਂਡ ਆਰਡਰ ਦੀ ਸਟੈਂਡਿੰਗ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਚੰਡੀਗੜ੍ਹ ਦੀ ਖ਼ਰਾਬ ਹੋ ਰਹੀ ਕਾਨੂੰਨ ਅਤੇ ਵਿਵਸਥਾ ਅਤੇ ਅਪਰਾਧੀ ਗਤੀਵਿਧੀਆਂ ਨੂੰ ਰੋਕਣ ਬਾਰੇ ਚਰਚਾ ਕੀਤੀ ਗਈ। ਇਸ ਦਰਮਿਆਨ ਕਮੇਟੀ ਚੇਅਰਮੈਨ ਸਤਨਾਮ ਸੰਧੂ ਨੇ ਕਿਹਾ ਕਿ ਸ਼ਹਿਰ ਨੂੰ ਹਾਈ ਟੈੱਕ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਜਿਵੇਂ ਕਿ ਵਾਇਸ (ਆਵਾਜ਼) ਅਤੇ ਫ਼ੇਸ (ਚਿਹਰੇ) ਆਈਡੀ ਨਾਲ ਚੱਲਣ ਵਾਲੇ ਸਿਸਟਮਜ਼ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ, ਤਾਂ ਜੋ ਸ਼ਹਿਰ ਵਿੱਚ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਇਸ ਦੇ ਨਾਲ ਨਾਲ ਚੇਅਰਮੈਨ ਸੰਧੂ ਨੇ ਚੰਡੀਗੜ੍ਹ ਵਿੱਚ ਪੁਲਿਸਿੰਗ ਅਤੇ ਸੁਰਖਿਆ ਕੇਂਦਰ ਸਥਾਪਤ ਕੀਤੇ ਜਾਣ, ਤਾਂਕਿ ਪੁਲਿਸ ਦੀ ਕਾਰਗੁਜ਼ਾਰੀ ਨੂੰ ਪਾਰਦਰਸ਼ੀ ਬਣਾਇਆ ਜਾ ਸਕੇ।

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੜਕਾਂ ’ਤੇ ਜਿੰਨੇ ਵੀ ਸਾਈਨ ਬੋਰਡ ਲੱਗੇ ਹੋਏ ਹਨ, ਉਹ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਹਨ. ਇਸ ਲਈ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਵੀ ਲਿਖੇ ਜਾਣ, ਤਾਂ ਜੋ ਹਰ ਕਿਸੇ ਨੂੰ ਚੰਡੀਗੜ੍ਹ ਨੂੰ ਐਕਸਪਲੋਰ ਕਰਨ ਵਿੱਚ ਅਸਾਨੀ ਹੋਵੇ।

ਦੱਸ ਦਈਏ ਕਿ ਇਸ ਮੀਟਿੰਗ ਵਿੱਚ ਲਾਅ ਐਂਡ ਆਰਡਰ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਸਤਨਾਮ ਸੰਧੂ ਤੋਂ ਇਲਾਵਾ, ਐਸਐਸਪੀ (ਕਾਨੂੰਨ ਅਤੇ ਵਿਵਸਥਾ) ਕੰਵਰਦੀਪ ਕੌਰ ਚੰਡੀਗੜ੍ਹ ਦੇ ਸਾਬਕਾ ਮੇਅਰ ਕੁਲਦੀਪ ਕੁਮਾਰ, ਚੰਡੀਗੜ੍ਹ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਪੰਛੀ, ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ ਮਨਮੋਹਨ ਸਿੰਘ ਅਤੇ ਯੁੱਧਵੀਰ ਸਿੰਘ ਕੌੜਾ ਮੁੱਖ ਤੌਰ ’ਤੇ ਹਾਜ਼ਿਰ ਰਹੇ।

ਕਾਨੂੰਨ ਵਿਵਸਥਾ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਨੇ ਚੰਡੀਗੜ੍ਹ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ’ਚ ਸ਼ਾਮਿਲ ਹੋਏ ਕਮੇਟੀ ਮੈਂਬਰ ਪੰਛੀ ਨੇ ਕਿਹਾ ਕਿ ਸ਼ਰਾਰਤੀ ਅਨਸਰ ਦੇਰ ਰਾਤ ਸ਼ਰਾਬ ਪੀਕੇ ਨਿਕਲਦੇ ਹਨ। ਜੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕੋਈ ਰੋਕੇ ਤਾਂ ਇਹ ਉਲਟਾ ਉਸ ਨਾਲ ਕੁੱਟਮਾਰ ਕਰਦੇ ਹਨ। ਇੱਕ ਹੋਰ ਕਮੇਟੀ ਮੈਂਬਰ ਨੇ ਕਿਹਾ ਕਿ ਸ਼ਹਿਰ ’ਚ ਰਾਤ ਦੇ ਸਮੇਂ ਪੁਲਿਸ ਗਸ਼ਤ ਕਾਫ਼ੀ ਘੱਟ ਹੈ। ਸ਼ਹਿਰ ’ਚ ਕਾਨੂੰਨ ਅਤੇ ਵਿਵਸਥਾ ਸੁਚਾਰੂ ਢੰਗ ਨਾਲ ਚੱਲਦੀ ਰਹੇ, ਇਸ ਦੇ ਵਿੱਚ ਪੁਲਿਸ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਸ਼ਹਿਰ ਦੇ ਹਰ ਸੈਕਟਰ ਵਿੱਚ ਪੁਲਿਸ ਗਸ਼ਤ (ਖ਼ਾਸ ਕਰਕੇ ਰਾਤ ਦੇ ਸਮੇਂ) ਵਧਾਈ ਜਾਣੀ ਚਾਹੀਦੀ ਹੈ।

ਇਸ ਦੇ ਨਾਲ ਨਾਲ ਸਾਬਕਾ ਮੇਅਰ ਨੇ ਕਿਹਾ ਕਿ ਜਦੋਂ ਵੀ ਉਹ ਲੋਕਾਂ ਦੀ ਸਮੱਸਿਆਵਾਂ ਜਾਂ ਕਿਸੇ ਸ਼ਿਕਾਇਤ ਨੂੰ ਲੈਕੇ ਪੁਲਿਸ ਕੋਲ ਜਾਂਦੇ ਹਨ ਤਾਂ ਪੁਲਿਸ ਦੇ ਕੁੱਝ ਅਧਿਕਾਰੀ ਉਨ੍ਹਾਂ ਦੀ ਮਦਦ ਨਹੀਂ ਕਰਦੇ। ਇਸ ਦੇ ਨਾਲ ਨਾਲ ਉਨ੍ਹਾਂ ਦੇ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ, ਜੋ ਕਿ ਕਿਸੇ ਹਾਲ ਵਿੱਚ ਵੀ ਸਹਿਣਯੋਗ ਨਹੀਂ ਹੈ ਅਤੇ ਇਸ ਨੂੰ ਤੁਰੰਤ ਠੱਲ ਪਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਨਸ਼ਿਆਂ ਦੀ ਸਮੱਸਿਆ ਹਰ ਦਿਨ ਵਧਦੀ ਜਾ ਰਹੀ ਹੈ। ਨਸ਼ੇੜੀ ਅਤੇ ਦਾਰੂਬਾਜ਼ ਲੋਕ ਰਾਤ ਨੂੰ ਨਸ਼ੇ ਕਰਕੇ ਸੜਕਾਂ ’ਤੇ ਹੁੱਲੜਬਾਜ਼ੀ ਮਚਾਉਂਦੇ ਹਨ, ਜਿਸ ਕਰਕੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂਬਰਾਂ ਦੇ ਸੁਝਾਵਾਂ ’ਤੇ ਸੰਧੂ ਨੇ ਕਿਹਾ, ‘‘ਚੰਡੀਗੜ੍ਹ ਪੁਲਿਸ ਨੂੰ ਅਤਿ ਅੇਡਵਾਸ ਤਕਨੀਕਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਰੋਡਮੈਪ ਤਿਆਰ ਕੀਤਾ ਜਾਣਾ ਚਾਹੀਦਾ ਹੈ।’’ ਇਸ ਦੇ ਨਾਲ ਹੀ ਉਨ੍ਹਾਂ ਚੰਡੀਗੜ੍ਹ ਪੁਲਿਸ ਨੂੰ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨਾਲ ਜਲਦ ਤੋਂ ਜਲਦ ਨਜਿੱਠਣ ਵਾਲਾ ਦ੍ਰਿਸ਼ਟੀਕੋਣ ਅਪਣਾਉਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ’ਚ ਡਰੱਗਜ਼ ਅਤੇ ਹੋਰ ਨਸ਼ਿਆਂ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ, ‘‘ਅਗਲੇ 10 ਸਾਲਾਂ ਲਈ ਟ੍ਰੈਫਿਕ ਪ੍ਰਬੰਧਨ ਲਈ ਇੱਕ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਲੋੜੀਂਦੇ ਨਵੇਂ ਬੁਨਿਆਦੀ ਢਾਂਚੇ ਦੀ ਸਪੱਸ਼ਟ ਰੂਪ ਵਿੱਚ ਰੂਪਰੇਖਾ ਦਿੱਤੀ ਜਾਵੇ। ਚੰਡੀਗੜ੍ਹ ਸ਼ਹਿਰ ਨੂੰ ਅਜਿਹੀਆਂ ਪਹਿਲਕਦਮੀਆਂ ਵਿੱਚ ਅਗਵਾਈ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਹਮੇਸ਼ਾ ਆਪਣੇ ਪਾਇਲਟ ਪ੍ਰੋਜੈਕਟਾਂ ਲਈ ਚੰਡੀਗੜ੍ਹ ਨੂੰ ਚੁਣਿਆ ਹੈ।

ਇਸ ਦੇ ਨਾਲ ਹੀ ਸੰਧੂ ਨੇ ਚੰਡੀਗੜ੍ਹ ਪੁਲਿਸ ਨੂੰ ਸੁਝਾਅ ਦਿੱਤਾ ਕਿ ਉਹ ਬਾਹਰੋਂ ਸ਼ਹਿਰ ਵਿੱਚ ਆਉਣ ਵਾਲੇ ਅਪਰਾਧਿਕ ਤੱਤਾਂ ’ਤੇ ਨਜ਼ਰ ਰੱਖੇ। ਉਨ੍ਹਾਂ ਨੇ ਪੁਲਿਸ ਨੂੰ ਸ਼ਹਿਰ ਵਿੱਚ ਨਸ਼ਿਆਂ ਦੇ ਖ਼ਤਰੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦਾ ਸੁਝਾਅ ਵੀ ਦਿੱਤਾ ਅਤੇ ਜਨਤਕ ਪਾਰਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੁਝਾਅ ਦਿੱਤਾ ਜੋ ਨਸ਼ੇੜੀਆਂ ਨਾਲ ਭਰੇ ਹੋਏ ਹਨ। ਉਨ੍ਹਾਂ ਕਿਹਾ, ‘‘ਸਾਨੂੰ ਚੰਡੀਗੜ੍ਹ ਨੂੰ ਜ਼ੀਰੋ ਟਾਲਰੈਂਸ ਅਤੇ ਨਸ਼ਾ ਮੁਕਤ ਸ਼ਹਿਰ ਬਣਾਉਣ ਲਈ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਸਾਨੂੰ ਇਸ ਮੁਹਿੰਮ ਨੂੰ ਨਸ਼ਾ ਮੁਕਤ ਚੰਡੀਗੜ੍ਹ ਲਈ ਪੋਲੀਓ ਟੀਕਾਕਰਨ ਪ੍ਰੋਗਰਾਮ ਦੀ ਤਰਜ਼ ’ਤੇ ਚਲਾਉਣਾ ਚਾਹੀਦਾ ਹੈ।’’

ਰਾਜ ਸਭਾ ਮੈਂਬਰ ਨੇ ਚੰਡੀਗੜ੍ਹ ਪੁਲਿਸ ਨੂੰ ਸਲਾਹ ਦਿੱਤੀ ਕਿ ਉਹ ਟ੍ਰੈਫਿਕ ਲਾਈਟਾਂ ’ਤੇ ਭਿਖਾਰੀਆਂ ’ਤੇ ਸਖ਼ਤੀ ਕਰੇ, ਸਾਰੇ ਬੀਟ ਬਾਕਸਾਂ ਨੂੰ ਕਾਰਜਸ਼ੀਲ ਬਣਾਏ ਅਤੇ ਅਪਰਾਧਾਂ ਨੂੰ ਰੋਕਣ ਲਈ ਰਾਤ ਦੀ ਗਸ਼ਤ ਵਧਾਏ। ਉਨ੍ਹਾਂ ਨੇ ਨਾਈਟ ਕਲੱਬਾਂ ਦੇ ਗੇਟ ਬੰਦ ਕਰਨ, ਬਲਾਇੰਡ ਸਪਾਟਾਂ ’ਤੇ ਸੀਸੀਟੀਵੀ ਲਗਾਉਣ ਅਤੇ ਸਨੈਚਿੰਗ ਦੀਆਂ ਘਟਨਾਵਾਂ ਨੂੰ ਰੋਕਣ ਦਾ ਵੀ ਸੁਝਾਅ ਦਿੱਤਾ।

ਸੰਧੂ ਨੇ ਸ਼ਹਿਰ ਵਿੱਚ ਲਾਪਤਾ ਬੱਚਿਆਂ ਦੀ ਸਥਿਤੀ ਬਾਰੇ ਵੀ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ 2019 ਤੋਂ 2024 ਦੇ ਵਿਚਕਾਰ ਲਾਪਤਾ ਹੋਏ 870 ਬੱਚਿਆਂ ਵਿੱਚੋਂ 813 ਦਾ ਪਤਾ ਲਗਾ ਲਿਆ ਗਿਆ ਹੈ।

Leave a Reply

Your email address will not be published. Required fields are marked *