ਦਿੱਲੀ ਦੀ CM ਰੇਖਾ ਗੁਪਤਾ ‘ਤੇ ਹਮਲਾ ਕਰਨ ਦੀ ਕੋਸ਼ਿਸ਼, ਦੋਸ਼ੀ ਗ੍ਰਿਫ਼ਤਾਰ


ਨਵੀਂ ਦਿੱਲੀ, 20 ਅਗਸਤ (ਨਿਊਜ਼ ਟਾਊਨ ਨੈਟਵਰਕ) :
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਬੁੱਧਵਾਰ ਸਵੇਰੇ ਮੁੱਖ ਮੰਤਰੀ ਰਿਹਾਇਸ਼ ‘ਤੇ ਜਨਤਕ ਸੁਣਵਾਈ ਦੌਰਾਨ ਹਮਲਾ ਕੀਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਥੱਪੜ ਮਾਰਿਆ ਗਿਆ ਸੀ। ਹਾਲਾਂਕਿ ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਥੱਪੜ ਮਾਰਨ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਾਕਾਰੀਆ ਰਾਜੇਸ਼ਭਾਈ ਖੀਮਜੀਭਾਈ ਵਜੋਂ ਹੋਈ ਹੈ ਜੋ ਕਿ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਹਮਲੇ ਦੀ ਪੁਸ਼ਟੀ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ- ਅੱਜ ਜਨਤਕ ਸੁਣਵਾਈ ਦੌਰਾਨ ਇਕ ਵਿਅਕਤੀ ਨੇ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਕੀਤਾ। ਦੋਸ਼ੀ ਨੂੰ ਦਿੱਲੀ ਪੁਲਿਸ ਨੇ ਫੜ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ- ਇਕ 35 ਸਾਲਾ ਵਿਅਕਤੀ ਜਨਤਕ ਸੁਣਵਾਈ ਵਿਚ ਆਇਆ। ਉਸ ਨੇ ਮੁੱਖ ਮੰਤਰੀ ਨੂੰ ਕੁਝ ਦਸਤਾਵੇਜ਼ ਦਿਤੇ। ਇਸ ਤੋਂ ਬਾਅਦ ਕੁਝ ਝਗੜਾ ਹੋਇਆ।

ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸੀਐਮ ਰੇਖਾ ਗੁਪਤਾ ‘ਤੇ ਹੋਏ ਹਮਲੇ ‘ਤੇ ਦਿੱਲੀ ਕਾਂਗਰਸ ਦੇ ਮੁਖੀ ਦੇਵੇਂਦਰ ਯਾਦਵ ਨੇ ਕਿਹਾ- ਇਹ ਘਟਨਾ ਮੰਦਭਾਗੀ ਹੈ। ਰੇਖਾ ਗੁਪਤਾ ਪੂਰੀ ਦਿੱਲੀ ਦੀ ਮੁੱਖ ਮੰਤਰੀ ਹੈ। ਅਜਿਹੀਆਂ ਘਟਨਾਵਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਨੀ ਘੱਟ ਹੈ। ਇਸ ਘਟਨਾ ਨੇ ਔਰਤਾਂ ਲਈ ਸੁਰੱਖਿਆ ਪ੍ਰਣਾਲੀ ਦਾ ਪਰਦਾਫਾਸ਼ ਕੀਤਾ ਹੈ। ਜੇਕਰ ਦਿੱਲੀ ਦੀ ਮੁੱਖ ਮੰਤਰੀ ਸੁਰੱਖਿਅਤ ਨਹੀਂ ਹੈ ਤਾਂ ਇਕ ਆਮ ਆਦਮੀ ਜਾਂ ਔਰਤ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ? ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਅਤੇ ‘ਆਪ’ ਨੇਤਾ ਆਤਿਸ਼ੀ ਨੇ ਐਕਸ ‘ਤੇ ਲਿਖਿਆ – ਰੇਖਾ ਗੁਪਤਾ ‘ਤੇ ਹਮਲਾ ਬਹੁਤ ਨਿੰਦਣਯੋਗ ਹੈ। ਲੋਕਤੰਤਰ ਵਿਚ ਅਸਹਿਮਤੀ ਅਤੇ ਵਿਰੋਧ ਲਈ ਜਗ੍ਹਾ ਹੁੰਦੀ ਹੈ, ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਮੀਦ ਹੈ ਕਿ ਦਿੱਲੀ ਪੁਲਿਸ ਦੋਸ਼ੀ ਵਿਰੁਧ ਸਖ਼ਤ ਕਾਰਵਾਈ ਕਰੇਗੀ। ਉਮੀਦ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਰੇਖਾ ਗੁਪਤਾ 20 ਫ਼ਰਵਰੀ 2025 ਨੂੰ ਦਿੱਲੀ ਦੀ ਮੁੱਖ ਮੰਤਰੀ ਬਣੀ ਸਨ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ‘ਆਪ’ ਦੀ ਵੰਦਨਾ ਕੁਮਾਰੀ ਨੂੰ 29,595 ਵੋਟਾਂ ਨਾਲ ਹਰਾਇਆ ਸੀ। ਰੇਖਾ ਲੰਬੇ ਸਮੇਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨਾਲ ਜੁੜੀ ਹੋਈ ਹੈ।
