13 ਸਾਲਾ ਬੱਚੀ ਦੇ ਕਤਲ ਕੇਸ ‘ਚ ASI ਮੰਗਤ ਰਾਮ ਨੌਕਰੀ ਤੋਂ ਕੀਤਾ ਬਰਖ਼ਾਸਤ


ਜਲੰਧਰ, 27 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਜਲੰਧਰ ਵਿੱਚ 13 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇੱਕ ਵੱਡੀ ਅਤੇ ਸਖ਼ਤ ਕਾਰਵਾਈ ਕੀਤੀ ਹੈ। ਮਾਮਲੇ ਦੀ ਜਾਂਚ ਵਿੱਚ ਘੋਰ ਲਾਪਰਵਾਹੀ ਵਰਤਣ ਅਤੇ ਪਰਿਵਾਰ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਏਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਜਾਂਚ ਵਿੱਚ ਪਾਇਆ ਗਿਆ ਕਿ ਏਐਸਆਈ ਨੇ ਡਿਊਟੀ ਦੌਰਾਨ ਪੀੜਤ ਪਰਿਵਾਰ ਨਾਲ ਝੂਠ ਬੋਲਿਆ ਸੀ ਕਿ ਤੁਹਾਡੀ ਧੀ ਗੁਆਂਢੀਆਂ ਦੇ ਘਰ ਵਿੱਚ ਨਹੀਂ ਹੈ। ਪਰ ਬਾਅਦ ਵਿੱਚ ਉਸੇ ਘਰੋਂ ਉਨ੍ਹਾਂ ਦੀ ਧੀ ਦੀ ਲਾਸ਼ ਬਰਾਮਦ ਹੋਈ।
ਦੱਸਣਯੋਗ ਹੈ ਕਿ ਘਟਨਾ ਦੇ ਚੌਥੇ ਦਿਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਖੁਦ ਪੀੜਤ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਰਿਵਾਰ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਭਰੋਸਾ ਦਿਵਾਇਆ ਕਿ ਇਸ ਦੁੱਖ ਦੀ ਘੜੀ ਵਿੱਚ ਕਮਿਸ਼ਨਰੇਟ ਪੁਲਿਸ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸੀਪੀ ਨੇ ਸਪੱਸ਼ਟ ਕੀਤਾ ਕਿ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਪੁਲਿਸ ਦਾ ਆਪਣਾ ਮੁਲਾਜ਼ਮ ਹੀ ਕਿਉਂ ਨਾ ਹੋਵੇ।
ਇਸ ਘਿਨਾਉਣੇ ਅਪਰਾਧ ਦੇ ਦੋਸ਼ੀ ਹਰਮਿੰਦਰ ਸਿੰਘ ਉਰਫ਼ ਹੈਪੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਨੇ ਉਸਨੂੰ 9 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕੇਸ ਦੀ ਸੁਣਵਾਈ ਫਾਸਟ ਟ੍ਰੈਕ ਕੋਰਟ ਵਿੱਚ ਕੀਤੀ ਜਾਵੇ ਤਾਂ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲ ਸਕੇ।
