ਅਰਮਾਨ ਮਲਿਕ ‘ਤੇ 4 ਵਿਆਹ ਕਰਵਾਉਣ ਦਾ ਦੋਸ਼, ਦੋਹਾਂ ਪਤਨੀਆਂ ਸਮੇਤ ਪੇਸ਼ ਹੋਣ ਦਾ ਹੁਕਮ


ਪਟਿਆਲਾ, 13 ਅਗੱਸਤ (ਨਿਊਜ਼ ਟਾਊਨ ਨੈਟਵਰਕ) :
ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਟਿਆਲਾ ਜ਼ਿਲ੍ਹਾ ਅਦਾਲਤ ਨੇ ਉਸ ਵਿਰੁਧ ਦੋ ਮਾਮਲਿਆਂ ਵਿਚ ਨੋਟਿਸ ਜਾਰੀ ਕਰਕੇ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲੇ 2 ਵਿਆਹ ਕਰਵਾਉਣ ਅਤੇ ਹਿੰਦੂ ਦੇਵੀ-ਦੇਵਤਿਆਂ ਦਾ ਰੂਪ ਧਾਰਨ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹਨ। ਐਡਵੋਕੇਟ ਦਵਿੰਦਰ ਰਾਜਪੂਤ ਵਲੋਂ ਹਿੰਦੂ ਮੈਰਿਜ ਐਕਟ ਤਹਿਤ ਪਾਈ ਗਈ ਪਟੀਸ਼ਨ ਤੋਂ ਬਾਅਦ ਕੋਰਟ ਨੇ ਇਹ ਕਾਰਵਾਈ ਕੀਤੀ ਹੈ। ਪਹਿਲਾ ਮਾਮਲਾ ਉਸਦੇ ਦੋ ਵਿਆਹਾਂ ਨਾਲ ਸਬੰਧਤ ਹੈ, ਜਦੋਂ ਕਿ ਦੂਜਾ ਦੋਸ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੈ। ਪਟੀਸ਼ਨ ਵਿਚ ਆਰੋਪ ਲਗਾਇਆ ਗਿਆ ਹੈ ਕਿ ਅਰਮਾਨ ਮਲਿਕ ਨੇ ਕਈ ਵਿਆਹ ਕੀਤੇ ਹਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੰਮ ਕੀਤੇ ਹਨ।
ਅਦਾਲਤ ਨੇ ਨਾ ਸਿਰਫ਼ ਅਰਮਾਨ ਮਲਿਕ, ਬਲਕਿ ਉਸ ਦੀਆਂ ਦੋਹਾਂ ਪਤਨੀਆਂ ਨੂੰ ਵੀ 2 ਸਤੰਬਰ ਨੂੰ ਪਟਿਆਲਾ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਪਟੀਸ਼ਨਰ ਨੇ ਅਦਾਲਤ ਵਿਚ ਆਰੋਪ ਲਗਾਇਆ ਹੈ ਕਿ ਅਰਮਾਨ ਮਲਿਕ ਨੇ 2 ਨਹੀਂ ਸਗੋਂ 4 ਵਾਰ ਵਿਆਹ ਕੀਤੇ ਹਨ, ਜੋ ਕਿ ਹਿੰਦੂ ਵਿਆਹ ਐਕਟ ਦੀ ਉਲੰਘਣਾ ਹੈ। ਹਿੰਦੂ ਵਿਆਹ ਐਕਟ ਦੇ ਤਹਿਤ ਕਿਸੇ ਵੀ ਹਿੰਦੂ ਵਿਅਕਤੀ ਨੂੰ ਇਕ ਸਮੇਂ ਵਿਚ ਸਿਰਫ਼ ਇਕ ਹੀ ਵਿਆਹ ਕਰਨ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮਲਿਕ ਨੇ ਹਿੰਦੂ ਦੇਵਤਿਆਂ ਦੀ ਨਕਲ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਕਾਰਵਾਈ ਨਾ ਸਿਰਫ਼ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਹੈ ਬਲਕਿ ਹਰਿਆਣਾ ਦੇ ਕਾਨੂੰਨ ਤਹਿਤ ਸਜ਼ਾਯੋਗ ਅਪਰਾਧ ਵੀ ਹੈ। ਦੱਸਣਯੋਗ ਹੈ ਕਿ ਪਾਇਲ ਮਲਿਕ ਵਲੋਂ ਆਪਣੀ ਬੇਟੀ ਨੂੰ ਖੁਸ਼ ਕਰਨ ਦੇ ਲਈ ਉਸਦੀ ਇੱਛਾ ਅਨੁਸਾਰ ਮਾਤਾ ਕਾਲੀ ਦੇਵੀ ਜੀ ਦਾ ਰੂਪ ਧਾਰਿਆ ਗਿਆ ਸੀ ਜਿਸ ਨੂੰ ਲੈ ਕੇ ਇਕ ਵੱਡਾ ਵਿਵਾਦ ਖੜ੍ਹਾ ਹੋਇਆ ਸੀ।
ਉਸ ਤੋਂ ਬਾਅਦ ਪਾਇਲ ਮਲਿਕ, ਅਰਮਾਨ ਮਲੀਕ ਅਤੇ ਉਹਨਾਂ ਦਾ ਪਰਿਵਾਰ ਵੱਖ-ਵੱਖ ਥਾਵਾਂ ‘ਤੇ ਜਾ ਕੇ ਧਾਰਮਿਕ ਸਥਾਨਾਂ ਦੇ ਉੱਪਰ ਮਾਫੀ ਵੀ ਮੰਗ ਰਹੇ ਸਨ ਪਰ ਉਸ ਮਾਫੀ ਨੂੰ ਨਕਾਰ ਕੇ ਪਟਿਆਲਾ ਦੇ ਸੀਨੀਅਰ ਐਡਵੋਕੇਟ ਦਵਿੰਦਰ ਰਾਜਪੂਤ ਨੇ ਆਪਣੀ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਬਾਅਦ ਪਟਿਆਲਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਉਸਦੀ ਪਤਨੀ ਪਾਇਲ, ਜੋ ਕਿ ਬਿੱਗ ਬੌਸ ਓਟੀਟੀ ਸੀਜ਼ਨ 3 ਵਿਚ ਵੀ ਦਿਖਾਈ ਦਿਤੀ ਸੀ, ਪਹਿਲਾਂ ਹੀ ਮੋਹਾਲੀ, ਪਟਿਆਲਾ ਅਤੇ ਹਰਿਦੁਆਰ ਵਿਚ ਸੰਤਾਂ ਤੋਂ ਮੁਆਫ਼ੀ ਮੰਗ ਚੁੱਕੀ ਹੈ ਅਤੇ ਗਊ ਪੂਜਾ ਵੀ ਕਰ ਚੁੱਕੀ ਹੈ।