ਅਨਵਰ ਮਹਿਬੂਬ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਕਰ ਰਿਹਾ ਸਾਜ਼ਿਸ਼ : ਪਰਵੇਜ਼ ਅਲੀ ਖਾਂ

0
8b2f6263-5251-41f3-9c03-348b8b5ee4c3

ਮਾਲੇਰਕੋਟਲਾ, 9 ਦਸੰਵਰ (ਮੁਨਸ਼ੀ ਫਾਰੂਕ) :

ਸਮਾਜ ਸੇਵੀ ਵ ਕਾਂਗਰਸੀ ਆਗੂ ਪਰਵੇਜ਼ ਅਲੀ ਖਾਂ ਨੇ ਅੱਜ ਆਪਣੀ ਰਹਾਇਸ਼ ਵਿਖੇ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਲੇਰਕੋਟਲਾ ਹਾਊਸ ਵਲੋਂ ਦੋ ਦਿਨ ਪਹਿਲਾਂ ਹੋਈ ਪ੍ਰੈਸ ਮੀਟਿੰਗ ’ਤੇ ਕੜੀ ਪ੍ਰਤਿਕਿਰਿਆ ਦਿੱਤੀ।
ਉਨ੍ਹਾਂ ਕਿਹਾ ਕਿ ਅਨਵਰ ਮਹਿਬੂਬ ਵਲੋਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਕਈ ਬੇਤੁਕੀਆਂ ਅਤੇ ਗੁਮਰਾਹਕੁਨ ਗੱਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ। ਪਰਵੇਜ਼ ਅਲੀ ਖਾਂ ਨੇ ਕਿਹਾ ਕਿ ਅਨਵਰ ਮਹਿਬੂਬ ਦਾ ਕਾਂਗਰਸ ਪਾਰਟੀ ਨਾਲ ਕੋਈ ਅਧਿਕਾਰਿਕ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਕਿਸੇ ਹੋਰ ਪਾਰਟੀ ਦੇ ਹਿਤਾਂ ਲਈ ਕੰਮ ਕਰ ਰਿਹਾ ਹੈ ਅਤੇ ਕਾਂਗਰਸੀ ਖੇਮਿਆਂ ’ਚ ਘੁਸਪੈਠ ਕਰਕੇ ਗਲਤ ਪ੍ਰਚਾਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਨਵਰ ਮਹਿਬੂਬ ਨੇ ਕਈ ਕਾਂਗਰਸੀ ਆਗੂਆਂ ਦੇ ਨਾਂ ਲੈ ਕੇ ਉਨ੍ਹਾਂ ਦੀ ਪਾਰਟੀ ਨਾਲ ਕੋਈ ਭੂਮਿਕਾ ਨਾ ਹੋਣ ਵਰਗੇ ਦੋਸ਼ ਲਗਾਏ ਹਨ, ਜਿਸ ਨਾਲ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਉਹ ਜਲਦ ਹੀ ਕਾਂਗਰਸ ਪਾਰਟੀ ਦੀ ਹਾਈ ਕਮਾਨ ਨਾਲ ਮੁਲਾਕਾਤ ਕਰਕੇ ਸਥਿਤੀ ਸਾਫ਼ ਕਰਨਗੇ।
ਇਸ ਮੌਕੇ ਉਨ੍ਹਾਂ ਨੇ ਮੁਸਤਫ਼ਾ ਵਲੋਂ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ’ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਉਸ ਦੇ ਬਿਆਨਾਂ ਨਾਲ ਪਾਰਟੀ ਹਾਈ ਕਮਾਨ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਸਭ ਉਸ ਦੀ ਨਿੱਜੀ ਸੋਚ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਦੇ ਗਰੁੱਪ ਦੇ ਸਰਗਰਮ ਹੋਣ ਨਾਲ ਇਹ ਅੰਤਰ ਜ਼ਰੂਰ ਪਿਆ ਹੈ ਕਿ ਜੋ ਮੀਟਿੰਗਾਂ ਪਹਿਲਾਂ ਮਾਲੇਰਕੋਟਲਾ ਹਾਊਸ ਵਿੱਚ ਹੁੰਦੀਆਂ ਸਨ, ਹੁਣ ਉਹ ਬਾਹਰ ਹੋ ਰਹੀਆਂ ਹਨ।
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਾਰੇ ਗੱਲ ਕਰਦਿਆਂ ਪਰਵੇਜ਼ ਅਲੀ ਖਾਂ ਨੇ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਨੂੰ ਖੜਾ ਕਰਨ ਵਿੱਚ ਮਾਲੇਰਕੋਟਲਾ ਹਾਊਸ ਦਾ ਕੋਈ ਰੋਲ ਨਹੀਂ ਹੈ। ਜ਼ਿਲ੍ਹਾ ਪ੍ਰਧਾਨਗੀ ਦਾ ਐਲਾਨ ਲਗਾਤਾਰ ਦੇਰੀ ਨਾਲ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਵੀ ਜਲਦ ਹੀ ਪਾਰਟੀ ਦੀ ਹਾਈ ਕਮਾਨ ਦੇ ਧਿਆਨ ’ਚ ਲਿਆਉਣਗੇ।

Leave a Reply

Your email address will not be published. Required fields are marked *