ਐਂਟੀ ਰੈਬੀਜ਼ ਵੈਕਸੀਨ ਪਿਛਲੇ ਕਈ ਦਿਨਾਂ ਤੋਂ ਖ਼ਤਮ, ਸਰਕਾਰੀ ਹਸਪਤਾਲ ‘ਚ ਮਚੀ ਹਾਹਾਕਾਰ

ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤੇ ਜਾਣ ਦੀ ਮੰਗ

ਗੁਰੂ ਹਰ ਸਹਾਏ, 4 ਮਾਰਚ (ਮਿੰਟੂ ਕੰਧਾਰੀ/ਨਿਊਜ਼ ਟਾਊਨ ਨੈਟਵਰਕ) : ਗੁਰੂ ਹਰ ਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੁੱਤੇ ਦੇ ਵੱਢਣ ਉਪਰੰਤ ਲਗਾਈ ਜਾਣ ਵਾਲੀ ਐਂਟੀ ਰੈਬੀਜ਼ ਵੈਕਸੀਨ ਖਤਮ ਹੋ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਤੌਰ ਉਤੇ ਕੁੱਤੇ ਦੇ ਵੱਢਣ ਉਤੇ ਇਹ ਵੈਕਸੀਨ ਮੁਫਤ ਲਗਾਈ ਜਾਂਦੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਕਮਿਊਨਿਟੀ ਹੈਲਥ ਸੈਂਟਰ ਵਿਚ ਵੈਕਸੀਨ ਦੀ ਕਮੀ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਕੁੱਤਾ ਕੱਟ ਲਵੇ ਤਾਂ ਉਸਨੂੰ ਪੰਜ ਇੰਜੈਕਸ਼ਨ ਲਗਾਉਣੇ ਲਾਜ਼ਮੀ ਹੁੰਦੇ ਹਨ ਜੋ ਕਮਿਊਨਿਟੀ ਹੈਲਥ ਸੈਂਟਰ ਵਿਚ ਬਿਨਾਂ ਕਿਸੇ ਸ਼ੁਲਕ ਦੇ ਲਗਾਏ ਜਾਂਦੇ ਸਨ। ਹੁਣ ਵੈਕਸੀਨ ਉਪਲੱਬਧ ਨਾ ਹੋਣ ਕਰਕੇ ਮਰੀਜ਼ਾਂ ਨੂੰ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਇਹ ਵੈਕਸੀਨ ਖਰੀਦਣੀ ਪੈ ਰਹੀ ਹੈ। ਜਿੱਥੇ ਇਕ ਵੈਕਸੀਨ ਦੀ ਕੀਮਤ ਲਗਭਗ 400 ਤੋਂ 500 ਹੈ। ਇਸੇ ਤਰ੍ਹਾਂ ਇਕ ਮਰੀਜ਼ ਨੂੰ ਕਰੀਬ 2000 ਤੋਂ ਢਾਈ ਹਜ਼ਾਰ ਤੱਕ ਦਾ ਖਰਚਾ ਆਪਣੀ ਜੇਬ ਵਿਚੋਂ ਝੱਲਣਾ ਪੈ ਰਿਹਾ ਹੈ, ਜੋ ਆਮ ਅਤੇ ਗਰੀਬ ਪਰਿਵਾਰ ਲਈ ਵੱਡਾ ਬੋਝ ਹੈ। ਲੋਕਾਂ ਨੇ ਸਿਹਤ ਵਿਭਾਗ ਅਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਐਂਟੀ ਰੈਬੀਜ਼ ਵੈਕਸੀਨ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਸ਼ਹਿਰ ਵਿਚੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ।
