ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਲਈ AnandpurSahib350.com ਵੈਬਸਾਈਟ ਤੇ ਮੋਬਾਈਲ ਐਪ ਲਾਂਚ

0
Hygiene Map_page-0001

ਸਮਾਗਮਾਂ ਦੀ ਸਮਾਂ-ਸਾਰਣੀ, ਲਾਈਵ ਸਟ੍ਰੀਮਿੰਗ, ਪਾਰਕਿੰਗ ਤੇ ਰਿਹਾਇਸ਼ ਬਾਰੇ ਜਾਣਕਾਰੀ ਸਮੇਤ ਬੁਕਿੰਗ ਦੀ ਮਿਲੇਗੀ ਸਹੂਲਤ
ਪੰਜਾਬੀ ਤੇ ਅੰਗਰੇਜ਼ੀ ਵਿੱਚ ਉਪਲਬਧ ਹੋਵੇਗੀ ਜਾਣਕਾਰੀ: ਬੈਂਸ
65 ਮਿੰਨੀ-ਬੱਸਾਂ ਅਤੇ 500 ਈ-ਰਿਕਸ਼ਾ ਪਾਵਨ ਨਗਰੀ ਵਿੱਚ ਦੇ ਰਹੀਆਂ ਨਿਰਵਿਘਨ ਸੇਵਾਵਾਂ

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ21 ਨਵੰਬਰ (ਦੁਰਗੇਸ਼ ਗਾਜਰੀ) :

‘ਸੰਗਤ’ ਲਈ ਸਹਿਜ ਅਤੇ ਅਧਿਆਤਮਕ ਅਨੁਭਵ ਨੂੰ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਕ ਵਿਆਪਕ ਡਿਜੀਟਲ ਪਹਿਲਕਦਮੀ “AnandpurSahib350.com” ਦੀ ਸ਼ੁਰੂਆਤ ਕੀਤੀ, ਜੋ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ‘ਚ ਪੁੱਜਣ ਵਾਲੀ ਸੰਗਤ ਦੀ ਸਹੂਲਤ ਲਈ ਇੱਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਅਤੇ ਵੈੱਬਸਾਈਟ ਹੈ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਅਤਿ-ਆਧੁਨਿਕ ਪਲੇਟਫਾਰਮ ਵੰਨ-ਸਟਾਪ ਡਿਜੀਟਲ ਸਲਿਊਸ਼ਨ ਵਜੋਂ ਤਿਆਰ ਕੀਤਾ ਗਿਆ ਹੈ, ਜੋ ਸਮੁੱਚੀ ਸੰਗਤ ਲਈ ਇੱਕ ਸੁਰੱਖਿਅਤ, ਚੰਗੀ ਤਰ੍ਹਾਂ ਪ੍ਰਬੰਧਿਤ ਅਤੇ ਅਧਿਆਤਮਕ ਅਨੁਭਵ ਨੂੰ ਯਕੀਨੀ ਬਣਾਉਣ ਲਈ ਅਸਲ-ਸਮੇਂ ਦੀ ਜਾਣਕਾਰੀ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਦਾ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ‘ਸਰਬੱਤ ਦੇ ਭਲੇ’ ਦੀ ਭਾਵਨਾ ਨਾਲ ਹਰ ਸ਼ਰਧਾਲੂ ਦੀ ਸਹੂਲਤ ਅਤੇ ਸਤਿਕਾਰ ਦੇ ਉੱਚਤਮ ਮਿਆਰਾਂ ਨਾਲ ਸੇਵਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ “AnandpurSahib350.com.” ਪਲੇਟਫਾਰਮ ਇਸੇ ਵਚਨਬੱਧਤਾ ਦਾ ਪ੍ਰਮਾਣ ਹੈ, ਜੋ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਸੰਗਤ ਨੂੰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਪਲੇਟਫ਼ਾਰਮ ਸਮੁੱਚੀ ਯੋਜਨਾਬੰਦੀ ਅਤੇ ਪ੍ਰਬੰਧਾਂ ਦਾ ਜ਼ਿੰਮਾ ਸਾਡੇ ‘ਤੇ ਛੱਡਦਿਆਂ ਸੰਗਤ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਸਮਾਗਮਾਂ ਵਿੱਚ ਸ਼ਮੂਲੀਅਤ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਨੇ ਸਾਰਿਆਂ ਨੂੰ ਇਨ੍ਹਾਂ ਮਹੱਤਵਪੂਰਨ ਪਲੇਟਫ਼ਾਰਮਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਸ. ਹਰਜੋਤ ਸਿੰਘ ਬੈਂਸ ਨੇ ਡਿਜੀਟਲ ਪਲੇਟਫਾਰਮ ਦੀਆਂ ਵਿਆਪਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਇਸ ਵਿੱਚ ਇੱਕ ਕੇਂਦਰੀਕ੍ਰਿਤ ਇਨਫਰਮੇਸ਼ਨ ਹੱਬ ਦੀ ਸਹੂਲਤ ਦਿੱਤੀ ਗਈ ਹੈ ਜੋ ਸਮਾਗਮਾਂ ਦੀ ਸਮਾਂ-ਸਾਰਣੀ, ਪਵਿੱਤਰ ਯਾਦਗਾਰੀ ਸਮਾਰੋਹਾਂ ਦੀ ਲਾਈਵ ਸਟ੍ਰੀਮਿੰਗ, ਨਗਰ ਕੀਰਤਨ ਦੇ ਰੂਟਾਂ ਅਤੇ ਇਤਿਹਾਸਕ ਜਾਣਕਾਰੀ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪੇਸ਼ ਕਰਦਾ ਹੈ। ਇਹ ਪਲੇਟਫਾਰਮ ਸੁਚੱਜੇ ਢੰਗ ਨਾਲ ਲੌਜਿਸਟਿਕ ਪ੍ਰਬੰਧਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ, ਜੋ ਸ਼ਰਧਾਲੂਆਂ ਨੂੰ 30 ਤੋਂ ਵੱਧ ਨਿਰਧਾਰਤ ਪਾਰਕਿੰਗ ਖੇਤਰਾਂ ਅਤੇ ਤਿੰਨ ਟੈਂਟ ਸਿਟੀਆਂ ਬਾਰੇ ਅਸਲ-ਸਮੇਂ ਦੀ ਜਾਣਕਾਰੀ ਦੇਣ ਅਤੇ ਟੈਂਟ ਸਿਟੀਜ਼ ‘ਚ ਰਿਹਾਇਸ਼ ਲਈ ਬੁਕਿੰਗ ਵਾਸਤੇ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ‘ਤੇ ਇੱਕ ਵਿਲੱਖਣ ‘ਟਰੈਕਟਰ-ਟਰਾਲੀ ਸਿਟੀ’ ਸਥਾਪਤ ਕੀਤੀ ਗਈ ਹੈ, ਜੋ ਸੰਗਤ ਲਈ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਏਗੀ।

ਉਨ੍ਹਾਂ ਅੱਗੇ ਦੱਸਿਆ ਕਿ ਡਿਜੀਟਲ ਪਲੇਟਫਾਰਮ ਨਿਰਵਿਘਨ ਆਵਾਜਾਈ ਸੇਵਾਵਾਂ, ਜਿਸ ਵਿੱਚ 65 ਮਿੰਨੀ-ਬੱਸਾਂ ਅਤੇ 500 ਈ-ਰਿਕਸ਼ਾ ਦੀ 24 ਘੰਟੇ ਸੇਵਾ ਸ਼ਾਮਲ ਹੈ, ਬਾਰੇ ਅਸਲ-ਸਮੇਂ ਦੀ ਜਾਣਕਾਰੀ ਵੀ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਪਲੇਟਫਾਰਮ ਨਾਲ ਸਾਰੀਆਂ ਪਾਰਕਿੰਗ ਥਾਵਾਂ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਸਮੇਤ ਮੁੱਖ ਸਮਾਗਮ ਵਾਲੇ ਸਥਾਨਾਂ ਆਦਿ ਨਾਲ ਨਾਲ ਜੋੜਿਆ ਗਿਆ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਆਪਕ ਸਿਹਤ ਉਪਾਵਾਂ ਤਹਿ 19 ‘ਆਮ ਆਦਮੀ ਕਲੀਨਿਕ’, ਅੱਖਾਂ ਦੇ ਦੋ ਵਿਸ਼ੇਸ਼ ਕੈਂਪ ਅਤੇ ਕਈ ਸਿਹਤ ਜਾਂਚ ਸਟੇਸ਼ਨ ਸ਼ਾਮਲ ਹਨ, ਜੋ ਮੁਫਤ ਦਵਾਈਆਂ, ਟੈਸਟ ਅਤੇ ਐਮਰਜੈਂਸੀ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰਨਗੇ। ਇਸ ਤੋਂ ਇਲਾਵਾ ਕਿਸੇ ਵੀ ਐਮਜੈਂਸੀ ਨਾਲ ਨਜਿੱਠਣ ਲਈ ਰਣਨੀਤਕ ਥਾਵਾਂ ‘ਤੇ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਸ. ਬੈਂਸ ਨੇ ਕਿਹਾ ਕਿ ਸ਼ਹਿਰ ਵਿੱਚ 26 ਮੋਬਾਈਲ ਟਾਇਲਟ ਵੈਨਾਂ, ਜਿਨ੍ਹਾਂ ਦੀ ਨਿਯਮਤ ਸਫ਼ਾਈ ਰੱਖੀ ਜਾਵੇਗੀ, ਰਾਹੀਂ ਸਾਫ਼-ਸਫ਼ਾਈ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸੰਗਤ ਦੇ ਇਸ਼ਨਾਨ ਲਈ ਵੀ ਢੁਕਵੀਂ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਏਕੀਕ੍ਰਿਤ ਸੀਸੀਟੀਵੀ ਕੈਮਰੇ, ਐਲਈਡੀ ਸਕ੍ਰੀਨਾਂ ਅਤੇ ਜਨਤਕ ਘੋਸ਼ਣਾ ਪ੍ਰਣਾਲੀ ਸੰਗਤ ਨੂੰ ਲਾਈਵ ਟ੍ਰੈਫਿਕ ਐਡਵਾਈਜ਼ਰੀਜ਼ ਅਤੇ ਮਹੱਤਵਪੂਰਨ ਅਲਰਟ ਪ੍ਰਦਾਨ ਕਰਦਿਆਂ ਪਲ-ਪਲ ਦੀ ਜਾਣਕਾਰੀ ਪ੍ਰਦਾਨ ਕਰਨਗੇ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਵੈੱਬਸਾਈਟ ਹੁਣ AnandpurSahib350.com ‘ਤੇ ਲਾਈਵ ਹੈ। ਇਸ ਦੇ ਨਾਲ ਹੀ ਇਸ ਸਬੰਧੀ ਮੋਬਾਈਲ ਐਪਲੀਕੇਸ਼ਨ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ‘ਤੇ ਡਾਊਨਲੋਡ ਲਈ ਉਪਲੱਬਧ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਸੇਵਾਦਾਰਾਂ ਅਤੇ ਭਾਈਚਾਰੇ ਦਾ ਉਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਲਈ ਦਿਲੋਂ ਧੰਨਵਾਦ ਕਰਦੀ ਹੈ। ਉਨ੍ਹਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ ਨੂੰ ਸਫ਼ਲ ਅਤੇ ਯਾਦਗਾਰੀ ਬਣਾਉਣ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

Leave a Reply

Your email address will not be published. Required fields are marked *