ਅੰਮ੍ਰਿਤਪਾਲ ਨਾਲ ਜੇਲ੍ਹ ‘ਚ ਬੰਦ ਸਾਥੀਆਂ ਨੇ ਉਸਨੂੰ ਦੱਸਿਆ ਨਸ਼ੇੜੀ!


ਖਡੂਰ ਸਾਹਿਬ, 22 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਫਿਲਹਾਲ ਅਸਾਮ ਦੀ ਡਿਬਰੁਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਨਾਲਾ ਅਦਾਲਤ ਵਿੱਚ ਪੁਲਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ, ਸੰਸਦ ਮੈਂਬਰ ਅੰਮ੍ਰਿਤਪਾਲ ਦੇ ਸਾਥੀ ਵਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਪ੍ਰਧਾਨਮੰਤਰੀ ਬਾਜੇਕੇ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਅੰਮ੍ਰਿਤਪਾਲ ਸਿੰਘ ਇੱਕ ਵੱਡਾ ਨਸ਼ੇੜੀ ਹੈ, ਇਸ ਵਿੱਚ ਦੋ ਪੁਲਸ ਅਧਿਕਾਰੀਆਂ ਦੇ ਨਾਮ ਵੀ ਹਨ ਜਿਨ੍ਹਾਂ ਨੂੰ ਗਵਾਹ ਬਣਾਇਆ ਗਿਆ ਹੈ। ਹਾਲਾਂਕਿ, ਕੋਈ ਵੀ ਪੁਲਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।
ਵਾਇਰਲ ਪੋਸਟ ਅਤੇ ਚਲਾਨ ਦੀਆਂ ਕਾਪੀਆਂ ਵਿੱਚ ਬਹੁਤ ਸਾਰੇ ਨਸ਼ਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਸੂਤਰਾਂ ਤੋਂ ਵੱਡੀ ਜਾਣਕਾਰੀ ਹੈ ਕਿ ਅੰਮ੍ਰਿਤਪਾਲ ਦੇ ਸਾਥੀਆਂ ਨੇ ਉਸਨੂੰ ਨਸ਼ੇੜੀ ਦੱਸਿਆ ਹੈ।
ਦਰਅਸਲ, ਸਾਲ 2023 ਵਿੱਚ, ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਤੂਫਾਨ ਸਿੰਘ ਨੂੰ ਰਿਹਾਅ ਕਰਵਾਉਣ ਲਈ ਆਪਣੇ ਸਾਥੀਆਂ ਅਤੇ ਪਾਲਕੀ ਸਾਹਿਬ ਨਾਲ ਅਜਨਾਲਾ ਪੁਲਸ ਸਟੇਸ਼ਨ ਗਿਆ ਸੀ, ਜਿੱਥੇ ਪੁਲਸ ਅਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵਿਚਕਾਰ ਵੱਡੀ ਝੜਪ ਹੋਈ ਸੀ। ਬਾਅਦ ਵਿੱਚ, ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਅੰਮ੍ਰਿਤਪਾਲ ਸਿੰਘ ਨੂੰ ਲੰਬੇ ਸਮੇਂ ਬਾਅਦ ਫੜ ਲਿਆ ਗਿਆ। ਇਸ ਤੋਂ ਬਾਅਦ, ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ NSA ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਜਦੋਂ ਕਿ ਪੁਲਸ ਉਸਦੇ ਹੋਰ ਸਾਥੀਆਂ ਨੂੰ ਪੰਜਾਬ ਲੈ ਆਈ ਹੈ। ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੇ ਸਾਥੀਆਂ ਦੇ ਇਹ ਸਾਰੇ ਬਿਆਨ ਪੁਲਸ ਵੱਲੋਂ ਉਸੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਵਿੱਚ ਦਰਜ ਕੀਤੇ ਗਏ ਹਨ।
ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਈਮਾਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ਼ ਕੀਤਾ ਹੈ।