ਮੋਹਾਲੀ ਦੇ ਸੈਕਟਰ 76 ਤੋਂ 80 ਦੇ ਅਲਾਟੀਆਂ ਨੂੰ ਮਿਲੀ ਵੱਡੀ ਰਾਹਤ

0
kulwant singh

ਲਾਭ ਉਠਾਉਣ ਲਈ ਸਾਰੇ ਅਲਾਟੀ ਜਲਦ ਰਾਸ਼ੀ ਜਮ੍ਹਾਂ ਕਰਵਾਉਣ : ਕੁਲਵੰਤ ਸਿੰਘ

ਮੋਹਾਲੀ, 12 ਜੂਨ (ਨਿਊਜ਼ ਟਾਊਨ ਨੈੱਟਵਰਕ) : ਵਿਧਾਇਕ ਕੁਲਵੰਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸੈਕਟਰ 76-80 ਦੇ ਅਲਾਟੀਆਂ ਨੂੰ ਵੱਡੀ ਰਾਹਤ ਮਿਲੀ ਐ, ਜਿਨ੍ਹਾਂ ਅਲਾਟੀਆਂ ਨੂੰ ਇਨਹਾਂਸਮੈਂਟ ਖਰਚਾ ਜਮ੍ਹਾਂ ਕਰਵਾਉਣ ਲਈ ਗਮਾਡਾ ਵੱਲੋਂ ਨੋਟਿਸ ਦਿੱਤੇ ਗਏ ਸਨ, ਨੂੰ ਵੱਡੀ ਰਾਹਤ ਦਿੰਦੇ ਹੋਏ, ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਇਨਹਾਸਮੈਂਟ ਦੀ ਰਾਸ਼ੀ ਨੂੰ ਘਟਾਉਣ ਲਈ ਸਹਿਮਤੀ ਬਣ ਗਈ ਸੀ। ਇਹ ਸਹਿਮਤੀ ਵਿਧਾਇਕ ਕੁਲਵੰਤ ਸਿੰਘ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨਾਲ ਕੀਤੀ ਮੀਟਿੰਗ ਤੋਂ ਬਾਅਦ ਬਣੀ।ਉਹ ਇਨ੍ਹਾਂ ਨਿਵਾਸੀਆਂ ਦੀ ਇਸ ਮੁਸ਼ਕਿਲ ਦੇ ਹੱਲ ਲਈ ਪਿਛਲੇ ਕਈ ਦਿਨਾਂ ਤੋਂ ਯਤਨਸ਼ੀਲ ਸਨ।

ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਅਥਾਰਟੀ ਨੇ ਪਹਿਲਾਂ ਇਨ੍ਹਾਂ ਸੈਕਟਰਾਂ ਦੇ ਅਲਾਟੀਆਂ ਨੂੰ 3164/-ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਇਨਹਾਂਸਮੈਂਟ ਖਰਚ ਅਦਾ ਕਰਨ ਲਈ ਨੋਟਿਸ ਭੇਜੇ ਸਨ, ਜਿਸ ’ਤੇ ਅਲਾਟੀਆਂ ਵੱਲੋਂ ਇਸ ਖਰਚੇ ਨੂੰ ਘਟਾਉਣ ਦੀ ਬੇਨਤੀ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਗਮਾਡਾ ਕੋਲ ਚੁੱਕਿਆ ਗਿਆ ਸੀ।

ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁੱਦੇ ‘ਤੇ ਵਿਚਾਰ ਕਰਨ ਤੋਂ ਬਾਅਦ ਹੁਣ ਗਮਾਡਾ ਨੇ ਇਨਹਾਸਮੈਂਟ ਖਰਚੇ ਨੂੰ 839/- ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਘਟਾਉਣ ਦਾ ਵਿਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨਜ਼ੂਰੀ ਮਿਲਣ ਤੋਂ ਬਾਅਦ, ਇਹ ਸੈਕਟਰ 76-80 ਦੇ ਅਲਾਟੀਆਂ ਲਈ ਵੱਡੀ ਰਾਹਤ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਅਲਾਟੀਆਂ ਨੇ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ ਹੁਣ ਤੱਕ ਇਨਹਾਸਮੈਂਟ ਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਹੈ, ਉਨ੍ਹਾਂ ਤੋਂ ਕੋਈ ਜੁਰਮਾਨਾ/ਵਿਆਜ ਨਹੀਂ ਲਿਆ ਜਾਵੇਗਾ ਅਤੇ ਜਿਨ੍ਹਾਂ ਅਲਾਟੀਆਂ ਨੇ ਜਾਰੀ ਕੀਤੇ ਗਏ ਨੋਟਿਸਾਂ ਦੇ ਜਵਾਬ ਵਿੱਚ ਇਹ ਰਾਸ਼ੀ ਅਦਾ ਕਰ ਦਿੱਤੀ ਹੈ, ਉਨ੍ਹਾਂ ਦੀ ਵਾਧੂ ਰਕਮ ਨੂੰ ਐਡਜਸਟ/ਰਿਫੰਡ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੋਹਾਲੀ ਦੇ ਇਨ੍ਹਾਂ ਸੈਕਟਰਾਂ ਦੇ ਵਾਸੀਆਂ ’ਤੇ ਪਏ ਇਸ ਵਿੱਤੀ ਬੋਝ ਲਈ ਪਹਿਲਾਂ ਰਾਜ ਕਰਨ ਵਾਲੇ ਸਿਆਸੀ ਲੀਡਰ ਜ਼ਿੰਮੇਵਾਰ ਹਨ, ਉਨ੍ਹਾਂ ਕਿਹਾ ਕਿ ਮੋਹਾਲੀ ’ਚ ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਮੋਹਾਲੀ ਦੇ ਵਿਧਾਇਕ ਵਜੋਂ 15 ਸਾਲ ਰਾਜ ਕੀਤਾ ਜਿਨ੍ਹਾਂ ਨੇ ਸਿਆਸੀ ਲਾਹੇ ਲਈ ਨੋਟਿਸ ਹੀ ਜਾਰੀ ਨਹੀਂ ਹੋਣ ਦਿੱਤੇ, ਜਿਸ ਕਾਰਨ ਇਹ ਰਾਸ਼ੀ 2008 ਤੋਂ 2025 ਤੱਕ 3 ਗੁਣਾ ਵਧ ਗਈ।

ਉਨ੍ਹਾਂ ਕਿਹਾ ਕਿ ਮੈਂ ਮੋਹਾਲੀ ਦੇ ਲੋਕਾਂ ਨਾਲ ਹਮੇਸ਼ਾਂ ਖੜ੍ਹਾ ਰਿਹਾ ਹਾਂ ਤੇ ਮੇਰਾ ਫ਼ਰਜ਼ ਬਣਦਾ ਸੀ ਕਿ ਮੈਂ ਮੇਰੇ ਹਲਕੇ ਦੇ ਲੋਕਾਂ ਦੇ ਇਸ ਵਿੱਤੀ ਬੋਝ ਨੂੰ ਘਟਾਵਾਂ, ਜਿਸਦੇ ਨਤੀਜੇ ਵਜੋਂ ਹਰ ਅਲਾਟੀ ਦਾ ਲੱਖਾਂ ਰੁਪਏ ਦਾ ਫ਼ਾਇਦਾ ਕਰਵਾਇਆ, ਉਨ੍ਹਾਂ ਸੈਕਟਰ 76 ਤੋਂ 80 ਤੱਕ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਰਾਸ਼ੀ ਉਹ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ ਤਾਂ ਕਿ ਲੱਗਣ ਵਾਲੇ ਵਿਆਜ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *