ਡੇਰਾ ਬਾਬਾ ਨਾਨਕ ਹਲਕੇ ‘ਚ ਅਲਰਟ, ਰਾਵੀ ਦਰਿਆ ‘ਚ ਪਾਣੀ ਛੱਡੇ ਜਾਣ ਕਾਰਨ ਹੜ੍ਹ ਦਾ ਖ਼ਤਰਾ


ਪ੍ਰਸਾਸ਼ਨ ਵਲੋਂ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਲਈ ਸਲਾਹ
ਡੇਰਾ ਬਾਬਾ ਨਾਨਕ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਤੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦਿਆਂ ਨਦੀਆਂ ਤੇ ਦਰਿਆ ਉਫਾਨ ‘ਤੇ ਹਨ। ਲਗਾਤਾਰ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਤੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਜਿੱਥੇ ਪਹਿਲੇ ਹੀ ਵੱਧ ਚੁੱਕਿਆ ਹੈ। ਉੱਥੇ ਹੀ ਹੁਣ ਰਾਵੀ ਦਰਿਆ ‘ਚ ਵੀ ਪਾਣੀ ਛੱਡੇ ਜਾਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ। ਰਾਵੀ ਦਰਿਆ ‘ਚ 150000 ਕਿਊਸਕ ਤੋਂ ਵੱਧ ਪਾਣੀ ਛਡੇ ਜਾਣ ਕਾਰਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਰਮਕੋਟ ਪਤਨ, ਗੁਰਚਕ ਤੇ ਘਣੀਏ ਕੇ ਬੇਟ, ਕਲਾਨੌਰ ,ਚੰਦੂਵਡਾਲਾ, ਕਮਾਲਪੁਰ ਜਟਾ ਦੀਨਾਨਗਰ ਹਲਕੇ ਦੇ ਪਿੰਡ ਕਾਨਾ, ਚੌਂਤਰਾ, ਚੱਕਰੀ, ਸਲਾਚ, ਆਧੀ ਜੈਨਪੁਰ ਤੇ ਠਾਕੁਰਪੁਰ ਆਦਿ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਇਸ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਇਨ੍ਹਾਂ ਪਿੰਡ ਦੇ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਲਈ ਸੁਚੇਤ ਕਰਨ ਦੀ ਸਲਾਹ ਦਿਤੀ ਹੈ। ਰਾਵੀ ਨਦੀ ‘ਚ ਇਹ ਪਹਿਲਾ ਭਾਰੀ ਹੜ੍ਹ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਪਾਣੀ ਦਾ ਪੱੱਧਰ ਵੱਧਣ ਕਾਰਨ ਹੁਣ ਪਾਣੀ ਪਿੰਡਾਂ ਵੱਲ ਨੂੰ ਵੱਧਣਾ ਸ਼ੁਰੂ ਹੋ ਗਿਆ ਹੈ। ਉਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਈ ਪਿੰਡ ਖ਼ਾਲੀ ਕਰਵਾ ਲਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਪਿੰਡਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਵਲੋਂ ਹੜ੍ਹ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਵੀ ਦੇ ਨਾਲ ਲੱਗਦੇ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਕੇ ਦੂਰ ਸੁਰੱਖਿਅਤ ਜਗ੍ਹਾ ’ਤੇ ਜਾਣ ਲਈ ਕਿਹਾ ਗਿਆ ਹੈ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ। ਬਾਰਿਸ਼ ਦੇ ਕਾਰਨ ਇਸ ਸਮੇਂ ਬਿਆਸ ਤੇ ਸਤਲੁਜ ਦਰਿਆ ਨਾਲ ਲੱਗਦੇ ਜ਼ਿਲ੍ਹਿਆ ਹੁਸ਼ਿਆਰਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ ਤੇ ਫਾਜ਼ਿਲਕਾ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਹਾਲਾਂਕਿ ਪ੍ਰਸ਼ਾਸਨ ਅਲਰਟ ‘ਤੇ ਹੈ, ਪਰ ਪਾਣੀ ਦੇ ਮਾਰ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਪਿੰਡ ਪਾਣੀ ਦੀ ਮਾਰ ਝੱਲ ਰਹੇ ਹਨ। ਹਰਿਕੇ ‘ਚ ਬਿਆਸ ਤੇ ਸਤਲੁਜ ਦਾ ਸੰਗਮ ਹੈ, ਇੱਥੇ ਪਾਣੀ ਦਾ ਪੱਧਰ ਕਾਫੀ ਵੱਧ ਹੈ ਤੇ ਨੇੜਲੇ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਾ ਪਾਣੀ ਉਫਾਨ ‘ਤੇ ਹੋਣ ਕਾਰਨ ਫਾਜ਼ਿਲਕਾ ਵੀ ਪਾਣੀ ਦੀ ਮਾਰ ਝੱਲ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।