ਪਿੰਡ ਹਥਣ ਵਿਚ ਇਕੱਠੇ ਹੋਏ ਅਕਾਲੀਆਂ ਨੇ ਲੈਂਡ ਪੂਲਿੰਗ ਨੀਤੀ ਕੀਤੀ ਰੱਦ


ਕਿਹਾ, ਜ਼ਮੀਨ ਕਿਸਾਨਾਂ ਦੀ ਮਾਂ, ਇਸ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਵਾਂਗੇ

(ਨਿਊਜ਼ ਟਾਊਨ ਨੈਟਵਰਕ)
ਮਾਲੇਰਕੋਟਲਾ, 3 ਅਗੱਸਤ : ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਸਖ਼ਤ ਵਿਰੋਧ ਕਰਦਾ ਹੈ। ਅਕਾਲੀ ਦਲ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਦੀ ਇਕ ਇੰਚ ਜ਼ਮੀਨ ਵੀ ਐਕਵਾਇਰ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਸਥਿਤ ਪਿੰਡ ਹਥਣ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਣ ਦੀ ਅਗਵਾਈ ਹੇਠ ਰੱਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਸਖ਼ਤ ਵਿਰੋਧ ਕਰਦੇ ਹਨ। ਇਹ ਨੀਤੀ ਕਿਸਾਨਾਂ ਨਾਲ ਸਰਾਸਰ ਧੋਖਾ ਹੈ। ਬੁਲਾਰਿਆਂ ਨੇ ਭਰੋਸਾ ਦਿਤਾ ਕਿ ਅਕਾਲੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਲੈਂਡ ਪੂਲਿੰਗ ਨੀਤੀ ਵਿਰੁਧ ਸ਼ੁਰੂ ਕੀਤੀ ਲੜਾਈ ਵਿਚ ਸਮੁੱਚੇ ਪੰਜਾਬੀ ਉਨ੍ਹਾਂ ਦੇ ਨਾਲ ਖੜੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਲੁਟੇਰਿਆਂ ਦੀ ਜਮਾਤ ਹੈ। ਇਸ ਦੇ ਨੇਤਾ ਗ਼ਰੀਬਾਂ ਨੂੰ ਵੀ ਨਹੀਂ ਬਖ਼ਸ਼ ਰਹੇ। ਪੰਜ-ਪੰਜ ਹਜ਼ਾਰ ਰੁਪਏ ਵੀ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਝਾੜੂ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਨੇ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਦਾ ਝੂਠ ਸੁਣ ਕੇ ਅੱਕ ਚੁੱਕੇ ਹਨ ਅਤੇ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਸਰਕਲ ਪ੍ਰਧਾਨ ਇਕਬਾਲ ਮੁਹੰਮਦ ਨੇ ਕਿਹਾ ਕਿ ਪਿੰਡਾਂ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਕਰ ਸਕਦੀ ਹੈ। ਜੇ ਖੇਤਰੀ ਪਾਰਟੀ ਮਜ਼ਬੂਤ ਨਾ ਹੋਈ ਤਾਂ ਦਿੱਲੀ ਵਾਲੇ ਜ਼ਮੀਨਾਂ ਦੇ ਨਾਲ-ਨਾਲ ਸਾਡੇ ਘਰ ਵੀ ਖੋਹ ਲੈਣਗੇ। ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ ਅਤੇ ਅਸੀਂ ਅਪਣੀਆਂ ਜ਼ਮੀਨਾਂ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਵਾਂਗੇ। ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਜੱਸੀ ਨੇ ਆਖਿਆ ਕਿ ਹਥਣ ਪਿੰਡ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸਾਰਾ ਸ਼ੋ੍ਮਣੀ ਅਕਾਲੀ ਦਲ ਨੇ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ, ਸੇਵਾ ਕੇਂਦਰ ਅਤੇ ਡਿਸਪੈਂਸਰੀਆਂ ਤੋਂ ਲੈ ਕੇ ਵਿਕਾਸ ਦਾ ਹਰ ਕੰਮ ਅਕਾਲੀ ਸਰਕਾਰ ਦੌਰਾਨ ਹੋਇਆ ਹੈ। ਝਾੜੂ ਪਾਰਟੀ ਨੇ ਇਕ ਇੱਟ ਵੀ ਪਿੰਡ ਵਿਚ ਨਹੀਂ ਲਾਈ। ਉਨ੍ਹਾਂ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 2027 ਨੇੜੇ ਹੈ, ਸਾਰੇ ਪਿੰਡ ਵਾਸੀ ਕਮਰਕੱਸੇ ਕਰ ਲਊ, ਇਸ ਵਾਰ ਫਿਰ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਗੁਰਜੀਤ ਸਿੰਘ, ਜਥੇਦਾਰ ਗੁਰਮੇਲ ਸਿੰਘ, ਹੈਪੀ ਨੰਬਰਦਾਰ, ਸਾਬਕਾ ਸਰਪੰਚ ਮੋਹਨ ਸਿੰਘ, ਪਿੰਡੀ ਸਿੰਘ, ਬਾਬਾ ਮਿੰਦਰ ਸਿੰਘ, ਜਥੇਦਾਰ ਨਿਰਮਲ ਸਿੰਘ, ਮੁਹੰਮਦ ਸਾਹਬਦੀਨ, ਮੁਖ਼ਤਿਆਰ ਨੰਬਰਦਾਰ, ਅਕਬਰੀ ਬੇਗਮ, ਜਥੇਦਾਰ ਜਸਪਾਲ ਸਿੰਘ ਬੋਪਾਰਾਏ, ਚੌਧਰੀ ਮੁਹੰਮਦ ਸੁਲੇਮਾਨ ਨੋਨਾ ਅਤੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ।
ਇਕਬਾਲ ਮੁਹੰਮਦ ਨੇ ਇਕੱਠ ਵਿਚ ਆਉਣ ਵਾਲਿਆਂ ਦਾ ਕੀਤਾ ਧੰਨਵਾਦ
ਨੌਧਰਾਣੀ ਸਰਕਲ ਦੇ ਪ੍ਰਧਾਨ ਇਕਬਾਲ ਮੁਹੰਮਦ ਹਥਣ ਨੇ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਅਕਾਲੀ ਆਗੂਆਂ, ਵਰਕਰਾਂ ਅਤੇ ਪਿੰਡ ਦੇ ਹੋਰ ਮੋਹਤਬਰ ਤੇ ਜਾਗਰੂਕ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਮੀਟਿੰਗ ਵਿਚ ਆਪ ਮੁਹਾਰੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਦਿੱਲੀ ਵਾਲੀਆਂ ਪਾਰਟੀਆਂ ਪੰਜਾਬੀਆਂ ਦਾ ਭਲਾ ਨਹੀਂ ਕਰ ਸਕਦੀਆਂ। ਸਾਨੂੰ ਖੇਤਰੀ ਪਾਰਟੀ ਦੇ ਹੱਥ ਵਿਚ ਸੱਤਾ ਦੇਣੀ ਪਵੇਗੀ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਇਸ ਇਕੱਠ ਵਿਚ ਉਹ ਲੋਕ ਵੀ ਸ਼ਾਮਲ ਹੋਏ ਪਹਿਲਾਂ ਹੋਰ ਪਾਰਟੀਆਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਵੀ ਅਕਾਲੀ ਦਲ ਦੀ ਲੈਂਡ ਪੂਲਿੰਗ ਨੀਤੀ ਵਿਰੁਧ ਲੜਾਈ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।