ਤਰਨਤਾਰਨ ਦੇ ਅਕਾਲੀ ਆਗੂਆਂ ਅਤੇ ਮੋਹਤਬਰ ਸੱਜਣਾਂ ਨੇ ਕੀਤੀ ਸੁਖਬੀਰ ਨਾਲ ਮੁਲਾਕਾਤ


ਜ਼ਿਮਨੀ ਚੋਣ ਅਕਾਲੀ ਦਲ ਦੀ ਝੋਲੀ ਪਾਉਣ ਦਾ ਕੀਤਾ ਐਲਾਨ

(ਨਿਊਜ਼ ਟਾਊਨ ਨੈਟਵਰਕ)
ਲੰਬੀ, 3 ਅਗੱਸਤ : ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਵਰਕਰ ਅਤੇ ਮੋਹਤਬਰ ਸੱਜਣਾਂ ਨੇ ਇਥੇ ਬਾਦਲ ਪਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਹਲਕੇ ਵਿਚਲੇ ਸਿਆਸੀ ਹਾਲਾਤ ਬਾਰੇ ਗੰਭੀਰ ਚਰਚਾ ਕੀਤੀ। ਸ. ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਨੂੰ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਚੋਣ ਮੁਹਿੰਮ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਹਾਜ਼ਰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਉਨ੍ਹਾਂ ਦੇ ਆਦੇਸ਼ਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਆਖਿਆ ਕਿ ਤਰਨਤਾਰਨ ਦੀ ਸੰਗਤ ਅਕਾਲੀ ਦਲ ਦੇ ਨਾਲ ਹੈ ਅਤੇ ਜ਼ਿਮਨੀ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਬੀਬਾ ਸੁਖਵਿੰਦਰ ਕੌਰ ਰੰਧਾਵਾਂ ਨੂੰ ਜਿਤਾ ਕੇ ਅਕਾਲੀ ਦਲ ਦੀ ਅਗਲੀ ਸਰਕਾਰ ਦਾ ਮੁੱਢ ਬੰਨ੍ਹਿਆ ਜਾਵੇਗਾ।

ਆਗੂਆਂ ਨੇ ਦਾਅਵਾ ਕੀਤਾ ਕਿ ਹਰਮੀਤ ਸਿੰਘ ਸੰਧੂ ਦੇ ਆਮ ਆਦਮੀ ਪਾਰਟੀ ਵਿਚ ਚਲੇ ਜਾਣ ਤੋਂ ਬਾਅਦ ਸੈਂਕੜੇ ਆਪ ਵਲੰਟੀਅਰ ਅਕਾਲੀ ਦਲ ਵਿਚ ਸ਼ਾਮਲ ਹੋਣ ਨੂੰ ਤਿਆਰ ਬੈਠੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਬੂਥ ਪੱਧਰ ਤਕ ਅਪਣੀਆਂ ਟੀਮਾਂ ਬਣਾ ਰਿਹਾ ਹੈ ਅਤੇ ਹਰ ਬੂਥ ਵਿਚੋਂ ਲੋਕ ਖ਼ੁਦ ਚੱਲ ਕੇ ਪਾਰਟੀ ਤਕ ਪਹੁੰਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਅਚਾਨਕ ਮੌਤ ਹੋ ਜਾਣ ਕਾਰਨ ਤਰਨਤਾਰਨ ਦੀ ਵਿਧਾਨ ਸਭਾ ਸੀਟ ਖਾਲੀ ਹੋ ਚੁੱਕੀ ਹੈ। ਉਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਨ ਵਾਲੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ ਜਦਕਿ ਚੰਗਾ ਆਧਾਰ ਰੱਖਣ ਵਾਲਾ ਆਜ਼ਾਦ ਗਰੁਪ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਹੈ। ਅਕਾਲੀ ਦਲ ਨੇ ਬੀਬਾ ਸੁਖਵਿੰਦਰ ਕੌਰ ਰੰਧਾਵਾ ਨੂੰ ਅਪਣਾ ਉਮੀਦਵਾਰ ਵੀ ਐਲਾਨ ਦਿਤਾ ਹੈ।
