ਅਕਾਲੀ ਦਲ ਬਿਕਰਮ ਮਜੀਠੀਆ ਦੇ ਨਾਲ ਚਟਾਨ ਵਾਂਗ ਖੜ੍ਹਾ : ਸੁਖਬੀਰ ਸਿੰਘ ਬਾਦਲ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 25 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਨੂੰ ਹੁਣ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਮੋਹਾਲੀ ਲਿਜਾਇਆ ਜਾ ਰਿਹਾ ਹੈ। ਬੁੱਧਵਾਰ ਸਵੇਰੇ 25 ਤੋਂ 30 ਅਧਿਕਾਰੀਆਂ ਦੀ ਇਕ ਟੀਮ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ਪਹੁੰਚੀ। ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਮਜੀਠੀਆ ਦੇ ਘਰ ਪਹੁੰਚੀ।
ਘਟਨਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਅੱਜ ਟਵੀਟ ਕਰਦਿਆਂ ਲਿਖਿਆ, ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ । ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਜੀਠੀਆ ਵਲੋਂ ਬੇਬਾਕੀ ਨਾਲ ਇਸ ਸਰਕਾਰ ਦੇ ਭ੍ਰਿਸ਼ਟ ਅਤੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਕਰਕੇ ਬਹੁਤ ਘਬਰਾਹਟ ਵਿਚ ਹਨ। ਅਸੀਂ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਵਲੋਂ ਲੋਕਾਂ ਦੀ ਆਵਾਜ਼ ਨੂੰ ਉਭਾਰਨ ਦੇ ਯਤਨਾਂ ਨੂੰ ਦਬਾਉਣ ਲਈ ਰਾਜ ਏਜੰਸੀਆਂ ਦੀ ਦੁਰਵਰਤੋਂ ਕਰਕੇ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੇ ਨਹੀਂ ।
ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਅਕਾਲੀ ਲੀਡਰਸ਼ਿਪ ਵਿਰੁੱਧ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੋਵੇ, ਅਜਿਹਾ ਬਹੁਤ ਸਮੇਂ ਤੋਂ ਲਗਾਤਾਰ ਵਾਪਰ ਰਿਹਾ ਹੈ ਤੇ ਅਸੀਂ ਇਸਦਾ ਡਟ ਕੇ ਸਾਹਮਣਾ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ।
‘ਨਾ ਅਸੀਂ ਝੁਕੇ ਸੀ, ਨਾ ਕਦੇ ਝੁਕਾਂਗੇ’। ਉਨ੍ਹਾਂ ਕਿਹਾ ਕਿ ਝੂਠੇ ਮਾਮਲੇ ਦਰਜ ਕਰਨਾ ਇਕ ਅਪਰਾਧਿਕ ਕਾਰਵਾਈ ਹੈ, ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਅਜਿਹੇ ਸਾਰੇ ਝੂਠੇ ਮਾਮਲਿਆਂ ਅਤੇ ਦਮਨ ਦੀਆਂ ਕਾਰਵਾਈਆਂ ਦੀ ਜਾਂਚ ਯਕੀਨੀ ਤੌਰ ‘ਤੇ ਢੁਕਵਾਂ ਸਮਾਂ ਆਉਣ ‘ਤੇ ਕੀਤੀ ਜਾਵੇਗੀ । ਮੈਂ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕਰਦਾ ਹਾਂ ਕਿ ਕਾਨੂੰਨ ਦੇ ਜ਼ਾਬਤੇ ‘ਚ ਰਹੋ, ਕਿਉਂਕਿ ਸਰਕਾਰ ਬਦਲਣ ਵਿਚ ਕੇਵਲ ਡੇਢ ਸਾਲ ਬਾਕੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤੀ ਹੈ। ਮੈਂ ਬਹੁਤ ਪਹਿਲਾਂ ਹੀ ਦੱਸ ਦਿਤਾ ਸੀ ਕਿ ਜਦੋਂ ਨਸ਼ਿਆਂ ਦੇ ਝੂਠੇ ਕੇਸ ਵਿਚ ਮੇਰੇ ਖਿਲਾਫ਼ ਭਗਵੰਤ ਮਾਨ ਸਰਕਾਰ ਨੂੰ ਕੁਝ ਨਹੀਂ ਲੱਭਾ ਤਾਂ ਹੁਣ ਮੇਰੇ ਖਿਲਾਫ਼ ਇਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ। ਅੱਜ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਹੇਠ ਟੀਮ ਨੇ ਮੇਰੇ ਛਾਪੇਮਾਰੀ ਕੀਤੀ ਹੈ। ਭਗਵੰਤ ਮਾਨ ਜੀ ਇਹ ਗੱਲ ਸਮਝ ਲਓ, ਜਿੰਨੇ ਮਰਜ਼ੀ ਪਰਚੇ ਦੇ ਦਿਓ, ਨਾ ਤਾਂ ਮੈਂ ਡਰਾਂ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ। ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾ ਗੱਲ ਕੀਤੀ ਹੈ ਤੇ ਅੱਗੇ ਵੀ ਕਰਾਂਗਾ। ਮੈਨੂੰ ਅਕਾਲ ਪੁਰਖ਼, ਗੁਰੂ ਸਾਹਿਬ ‘ਤੇ ਪੂਰਨ ਭਰੋਸਾ ਹੈ। ਅੰਤ ਜਿੱਤ ਸੱਚ ਦੀ ਹੋਵੇਗੀ! ਕੱਲ੍ਹ ਰਾਤ ਮੇਰੇ ਵਿਰੁੱਧ ਵਿਜੀਲੈਂਸ ਕੇਸ ਦਰਜ ਕੀਤਾ ਗਿਆ ਸੀ।
