ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਕੀਤਾ ਰਿਹਾਅ


ਮੋਹਾਲੀ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ਅਦਾਲਤ ਦੇ ਬਾਹਰ ਅੱਜ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪੇਸ਼ ਹੋਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਹਿਰਾਸਤ ’ਚ ਲੈ ਲਿਆ। ਜਿਨ੍ਹਾਂ ਬਾਅਦ ’ਚ ਚੰਡੀਗੜ੍ਹ ਦੇ ਸੈਕਟਰ 39 ’ਚ ਛੱਡ ਦਿਤਾ ਗਿਆ।
ਜਾਣਕਾਰੀ ਮੁਤਾਬਕ ਹਿਰਾਸਤ ’ਚ ਲਏ ਜਾਣ ਦੌਰਾਨ ਸੁਖਬੀਰ ਬਾਦਲ ਅਤੇ ਪੁਲਿਸ ਵਿਚਕਾਰ ਬਹਿਸ ਵੀ ਹੋਈ। ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਅਤੇ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਕਈ ਅਕਾਲੀ ਆਗੂਆਂ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ।
ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੂੰ ਮੁਹਾਲੀ ਦੇ 11 ਫੇਜ਼ ਪੁਲਿਸ ਸਟੇਸ਼ਨ ਵਿਖੇ ਰੱਖਿਆ ਗਿਆ। ਪੁਲਿਸ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਜੁਟਣੇ ਸ਼ੁਰੂ ਹੋ ਗਏ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੂਰੇ ਪੰਜਾਬ ’ਤੇ ਕਬਜ਼ਾ ਕੀਤਾ ਹੋਇਆ ਹੈ। ਅਕਾਲੀ ਵਰਕਰਾਂ ਤੋਂ ਕੇਜਰੀਵਾਲ ਡਰ ਗਿਆ ਹੈ। ਆਓ ਪੰਜਾਬ ਨੂੰ ਕੇਜਰੀਵਾਲ ਤੋਂ ਮੁਕਤ ਕਰਵਾਈਏ। ਅਕਾਲੀ ਦਲ ਦਾ ਇਕ-ਇਕ ਵਰਕਰ ਕੇਜਰੀਵਾਲ ਨੂੰ ਪੰਜਾਬ ਚੋਂ ਹਟਾਏਗਾ।
ਕਾਬਿਲੇਗੌਰ ਹੈ ਕਿ ਇਸ ਦੌਰਾਨ ਮੀਡੀਆ ਨੂੰ ਵੀ ਅਦਾਲਤ ਦੇ ਅਹਾਤੇ ਤੋਂ ਦੂਰ ਰੱਖਿਆ ਗਿਆ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ।