ਅਕਾਲੀ ਦਲ ਨੇ ਧਰਮ ਅਤੇ ਪੰਜਾਬ ਦੋਵਾਂ ਨੂੰ ਲੁੱਟਿਆ : ਮੁੱਖ ਮੰਤਰੀ

ਭਗਵੰਤ ਮਾਨ ਤੇ ਕੇਜਰੀਵਾਲ ਨੇ ਆਨਲਾਈਨ 109 ਹੋਰ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ



ਫ਼ਤਹਿਗੜ੍ਹ ਸਾਹਿਬ, 29 ਮਾਰਚ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਅੱਜ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ 109 ਨਵੇਂ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਸਮਰਪਿਤ ਕੀਤੇ। ਇਸ ਨਵੇਂ ਉਦਘਾਟਨ ਨਾਲ ਹੁਣ ਪੰਜਾਬ ਵਿੱਚ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 990 ਹੋ ਗਈ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਮੁਫ਼ਤ ਦਵਾਈਆਂ, ਮੁਫ਼ਤ ਟੈਸਟ ਅਤੇ ਬਿਹਤਰ ਡਾਕਟਰੀ ਸਲਾਹ ਮਿਲ ਰਹੀ ਹੈ। ਸਰਕਾਰ ਦਾ ਟੀਚਾ ਹਰ ਪਿੰਡ ਅਤੇ ਮੁਹੱਲੇ ਤੱਕ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਮਾਨ ਨੇ ਅਕਾਲੀ ਦਲ ਦੇ ਮੌਜੂਦਾ ਹਾਲਾਤ ‘ਤੇ ਤੰਜ਼ ਕਸਦਿਆਂ ਲੋਕਾਂ ਨੂੰ ਸੁਖਬੀਰ ਬਾਦਲ ਤੋਂ “ਪੰਜਾਬ ਬਚਾਉਣ” ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਦਲ ਕਦੇ ਸ਼ਹੀਦਾਂ ਦੀ ਪਾਰਟੀ ਹੁੰਦੀ ਸੀ, ਪਰ ਜਦੋਂ ਅਕਾਲੀ ਦੀ ਦਲ ਕਮਾਂਡ ਬਾਦਲ ਪਰਿਵਾਰ ਦੇ ਹੱਥ ਆਈ ਹੈ ਇਨ੍ਹਾਂ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਸੁਖਬੀਰ ਬਾਦਲ ਨੇ ਹੜ੍ਹਾਂ ਦੌਰਾਨ ਗੋਲਕਾਂ ਦੇ ਪੈਸੇ ਵੰਡੇ ਹਨ । ਉਨ੍ਹਾਂ ਕਿਹਾ ਕਿ ਇਹ ਲੋਕ ਧਰਮ ਨੂੰ ਵੀ ਖਾ ਗਏ ਅਤੇ ਪੰਜਾਬ ਨੂੰ ਵੀ । ਭਗਵੰਤ ਮਾਨ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਅਕਾਲੀ ਦਲ ਦੀ ‘ਤੱਕੜੀ’ ਵਿੱਚ ‘ਚਿੱਟਾ’ (ਨਸ਼ਾ) ਤੋਲਿਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ’ਚੋਂ ਇਕ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਅਤੇ ਇਕ ਨੂੰ ਬਾਣੀ ਦਾ ਰਾਖਾ ਕਿਹਾ ਜਾਂਦਾ ਸੀ। ਪਾਣੀਆਂ ਦੇ ਰਾਖੇ ਨੇ ਸਾਡਾ ਪਾਣੀ ਰੋਲ ਦਿੱਤਾ ਅਤੇ ਬਾਣੀ ਦੇ ਰਾਖਿਆਂ ਨੇ ਸਾਡੀ ਬਾਣੀ ਰੋਲ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਦੇ ਜਨਤਾ ਹੁਣ ਇਨ੍ਹਾਂ ਨੂੰ ਕਦੇ ਵੀ ਮੂੰਹ ਨਹੀਂ ਲਾਵੇਗੀ।

