ਅਕਾਲੀ ਦਲ ਤੇ ਕਾਂਗਰਸ ਉਮੀਦਵਾਰਾਂ ਨੇ ਰੋਡ ਸ਼ੋਅ ਕਰਕੇ ਨਾਮਜ਼ਦਗੀ ਕਾਗ਼ਜ਼ ਕੀਤੇ ਦਾਖ਼ਲ


ਦੋਹਾਂ ਨੇ ਕੀਤੇ ਜਿੱਤ ਦੇ ਦਾਅਵੇ

(ਨਿਊਜ਼ ਟਾਊਨ ਨੈਟਵਰਕ)
ਤਰਨਤਾਰਨ, 15 ਅਕਤੂਬਰ : ਅੱਜ ਇਥੇ ਹੋਰ ਰਹੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਤੀਜੇ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਲੀਡਰਸ਼ਿਪ ਨੇ ਅਪਣੇ-ਅਪਣੇ ਉਮੀਦਵਾਰਾਂ ਦੇ ਹੱਕ ਵਿਚ ਵੱਡੇ ਰੋਡ ਸ਼ੋਅ ਕੱਢਣ ਤੋਂ ਬਾਅਦ ਕਾਗ਼ਜ਼ ਦਾਖ਼ਲ ਕੀਤੇ। ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਰੋਡ ਸ਼ੋਅ ਦੀ ਅਗਵਾਈ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨਤਾਰਨ ਹਲਕੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਰੋਡ ਸ਼ੋਅ ਨੂੰ ਤਰਨਤਾਰਨ ਵਾਸੀਆਂ ਨੇ ਭਰਵਾਂ ਹੁੰਗਾਰਾ ਦਿਤਾ ਹੈ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਝਬਾਲ ਤੋਂ ਸ਼ੁਰੂ ਹੋਏ ਇਸ ਵੱਡੇ ਕਾਫ਼ਲੇ ਵਿਚ ਸੈਂਕੜੇ ਵਾਹਨਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਏਕਤਾ ਦਾ ਪ੍ਰਗਟਾਵਾ ਕੀਤਾ ਹੈ। ਇਹ ਰੋਡ ਸ਼ੋਅ ਕਈ ਪਿੰਡਾਂ ਵਿਚੋਂ ਲੰਘਦਾ ਹੋਇਆ ਤਰਨ ਤਾਰਨ ਸ਼ਹਿਰ ‘ਚ ਸਮਾਪਤ ਹੋਇਆ। ਬੀਬੀ ਰੰਧਾਵਾ ਦੇ ਹੱਕ ਵਿਚ ਲੋਕਾਂ ਵਲੋਂ ਆਪ ਮੁਹਾਰੇ ਉਮੜਿਆ ਸਮਰਥਨ ਸਪੱਸ਼ਟ ਕਰਦਾ ਹੈ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਤਰਨਤਾਰਨ ਜ਼ਿਮਨੀ ਚੋਣ ‘ਚ ਅਕਾਲੀ ਉਮੀਦਵਾਰ ਨੂੰ ਹੀ ਜਿਤਾਉਣਗੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਭਰੋਸਾ ਹੈ ਕਿ ਤਰਨਤਾਰਨ ਦੇ ਵੋਟਰ ਧਰਮੀ ਫੌਜੀ ਪਰਿਵਾਰ ਦੀ ਕੁਰਬਾਨੀ ਦਾ ਸਤਿਕਾਰ ਕਰਦੇ ਹੋਏ ਆਪਣੀ ਇਕੋ-ਇਕ ਖੇਤਰੀ ਪਾਰਟੀ ਨੂੰ ਜਿਤਾ ਕੇ ਦਲ-ਬਦਲੂਆਂ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਕਰਾਰੀ ਹਾਰ ਦੇਣਗੇ। ਉਨ੍ਹਾਂ ਸਾਰੇ ਪਾਰਟੀਆਂ ਆਗੂਆਂ, ਵਰਕਰਾਂ ਅਤੇ ਜਥੇਬੰਦੀਆਂ ਨੂੰ ਆਪਣੀ ਪੂਰੀ ਤਾਕਤ ਨਾਲ ਚੋਣ ਪ੍ਰਚਾਰ ਵਿਚ ਜੁੱਟ ਜਾਣ ਲਈ ਅਪੀਲ ਕੀਤੀ। ਦੂਜੇ ਪਾਸੇ ਕਾਂਗਰਸ ਦੇ ਰੋਡ ਸ਼ੋਅ ਵਿਚ ਪੁੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਲਕਾ ਤਰਨਤਾਰਨ ਕਾਂਗਰਸ ਦੇ ਰੰਗ ਵਿਚ ਰੰਗਿਆ ਹੋਇਆ ਹੈ। ਕਾਂਗਰਸ ਦਾ ਉਮੀਦਵਾਰ ਵੱਡੀ ਲੀਡਰ ਨਾਲ ਜਿੱਤੇਗਾ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਾਜ਼ਰ ਸਨ। ਰੋਡ ਸ਼ੋਅ ਤੋਂ ਬਾਅਦ ਕਾਂਗਰਸੀ ਉਮੀਦਵਾਰ ਨੇ ਅਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ।