ਅਹਿਮਦਾਬਾਦ ਜਹਾਜ਼ ਹਾਦਸਾ : 170 ਤਾਬੂਤ ਤਿਆਰ ਕਰਨ ਦਾ ਆਰਡਰ


275 ਹੋਈ ਮ੍ਰਿਤਕਾਂ ਦੀ ਗਿਣਤੀ, 248 ਡੀਐਨਏ ਸੈਂਪਲ ਲਏ ਗਏ, 11 ਲਾਸ਼ਾਂ ਦੀ ਪਛਾਣ ਹੋਈ

ਅਹਿਮਦਾਬਾਦ, 14 ਜੂਨ (ਨਿਊਜ਼ ਟਾਊਨ ਨੈਟਵਰਕ) : ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 275 ਤੱਕ ਪਹੁੰਚ ਗਈ ਹੈ। ਲਾਸ਼ਾਂ ਨੂੰ ਰੱਖਣ ਲਈ 170 ਤਾਬੂਤ ਮੰਗਵਾਏ ਗਏ ਸਨ। ਵਡੋਦਰਾ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਏਅਰ ਇੰਡੀਆ ਦੇ ਮੈਨੇਜਰ ਨੇ ਫ਼ੋਨ ਕਰਕੇ ਤਾਬੂਤ ਮੰਗਵਾਏ।
ਇਸ ਦੌਰਾਨ ਅਹਿਮਦਾਬਾਦ ਸਿਵਲ ਹਸਪਤਾਲ ਦੇ ਡਿਪਟੀ ਸਿਵਲ ਸੁਪਰਡੈਂਟ ਰਜਨੀਸ਼ ਪਟੇਲ ਨੇ ਸ਼ਨੀਵਾਰ ਨੂੰ ਕਿਹਾ – ਹੁਣ ਤੱਕ 248 ਲਾਸ਼ਾਂ ਦੇ ਡੀਐਨਏ ਨਮੂਨਿਆਂ ਦੀ ਕਰਾਸ ਵੈਰੀਫਿਕੇਸ਼ਨ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 11 ਦਾ ਡੀਐਨਏ ਮੈਚ ਹੋ ਗਿਆ ਹੈ।
ਪਟੇਲ ਨੇ ਕਿਹਾ ਕਿ ਅੱਜ ਇੱਕ ਔਰਤ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਸ਼ੁੱਕਰਵਾਰ ਨੂੰ 8 ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਕੁੱਲ 9 ਲਾਸ਼ਾਂ ਸੌਂਪ ਦਿੱਤੀਆਂ ਗਈਆਂ ਹਨ। 8 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਇੱਕ ਦੀ ਹਾਲਤ ਗੰਭੀਰ ਹੈ।
ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਵਿਚ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜੋ ਕਿ 3 ਮਹੀਨਿਆਂ ਵਿਚ ਆਪਣੀ ਰਿਪੋਰਟ ਸੌਂਪੇਗਾ।
ਇਸ ਤੋਂ ਪਹਿਲਾਂ ਜਦੋਂ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਤੋਂ ਮਲਬਾ ਹਟਾਇਆ ਜਾ ਰਿਹਾ ਸੀ ਤਾਂ ਜਹਾਜ਼ ਦੀ ਪੂਛ (ਪਿਛਲੇ ਹਿੱਸੇ) ਵਿਚ ਇੱਕ ਲਾਸ਼ ਫਸੀ ਹੋਈ ਦੇਖੀ ਗਈ ਸੀ। ਇਸਦਾ ਪੋਸਟਮਾਰਟਮ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲਾਸ਼ ਕਿਸੇ ਏਅਰ ਹੋਸਟੇਸ ਦੀ ਹੋ ਸਕਦੀ ਹੈ।
ਪਾਇਲਟ ਦਾ ਆਖਰੀ ਸੁਨੇਹਾ ਸਾਹਮਣੇ ਆਇਆ
ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਾਮਲੇ ਵਿੱਚ ਜਹਾਜ਼ ਦੇ ਪਾਇਲਟ ਸੁਮਿਤ ਸੱਭਰਵਾਲ ਦੁਆਰਾ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਨੂੰ ਭੇਜਿਆ ਗਿਆ ਆਖਰੀ ਸੁਨੇਹਾ ਸਾਹਮਣੇ ਆਇਆ ਹੈ। 4-5 ਸਕਿੰਟ ਦੇ ਸੁਨੇਹੇ ਵਿਚ ਸੁਮਿਤ ਕਹਿ ਰਿਹਾ ਹੈ, ‘ਮੇਡੇ, ਮੇਡੇ, ਮੇਡੇ… ਥ੍ਰੱਸਟ ਨਹੀਂ ਮਿਲ ਰਿਹਾ, ਪਾਵਰ ਘੱਟ ਰਹੀ ਹੈ, ਜਹਾਜ਼ ਨਹੀਂ ਉੱਠ ਰਿਹਾ, ਅਸੀਂ ਨਹੀਂ ਬਚਾਂਗੇ।’