ਅਹਿਮਦਾਬਾਦ ਜਹਾਜ਼ ਹਾਦਸਾ : ਏਅਰ ਇੰਡੀਆ ਦੇ 3 ਅਫ਼ਸਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ

0
air india airoplan

10 ਦਿਨਾਂ ‘ਚ ਮੰਗੀ ਰਿਪੋਰਟ

ਹੁਣ ਉਡਾਣ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਡੀਜੀਸੀਏ

(ਨਿਊਜ਼ ਟਾਊਨ ਨੈਟਵਰਕ)

ਨਵੀਂ ਦਿੱਲੀ, 21 ਜੂਨ : ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰ ਇੰਡੀਆ ‘ਚ ਕਰੂ ਸ਼ਡਿਊਲਿੰਗ ਅਤੇ ਰੋਸਟਰਿੰਗ ਨਾਲ ਸਬੰਧਤ ਲਾਪਰਵਾਹੀ ਦਾ ਗੰਭੀਰ ਨੋਟਿਸ ਲਿਆ ਹੈ ਤੇ 3 ਸੀਨੀਅਰ ਅਫ਼ਸਰਾਂ ਨੂੰ ਸਾਰੀਆਂ ਸਬੰਧਤ ਜ਼ਿੰਮੇਵਾਰੀਆਂ ਤੋਂ ਹਟਾਉਣ ਦੇ ਨਿਰਦੇਸ਼ ਦਿਤੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਤਿੰਨੇ ਅਫ਼ਸਰਾਂ ਨੂੰ ਸੰਚਾਲਨ ਸਬੰਧੀ ਖਾਮੀਆਂ ਲਈ ਜ਼ਿੰਮੇਵਾਰ ਪਾਇਆ ਗਿਆ ਹੈ ਤੇ ਹੁਣ ਇਨ੍ਹਾਂ ਅਫ਼ਸਰਾਂ ਨੂੰ ਕਿਸੇ ਵੀ ਕਰੂ ਪ੍ਰਬੰਧਨ ਦੇ ਕੰਮ ਤੋਂ ਦੂਰ ਰੱਖਿਆ ਜਾਵੇਗਾ। ਡੀਜੀਸੀਏ ਨੇ ਏਅਰ ਇੰਡੀਆ ਨੂੰ ਇਹ ਵੀ ਨਿਰਦੇਸ਼ ਦਿਤਾ ਹੈ ਕਿ ਉਹ ਇਨ੍ਹਾਂ ਅਧਿਕਾਰੀਆਂ ਵਿਰੁਧ ਤੁਰੰਤ ਆਂਤਰਿਕ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰੇ ਤੇ 10 ਦਿਨਾਂ ਦੇ ਅੰਦਰ ਸੰਗਠਨ ਨੂੰ ਅਪਣੀ ਕਾਰਵਾਈ ਅਤੇ ਨਤੀਜਿਆਂ ਬਾਰੇ ਰਿਪੋਰਟ ਪੇਸ਼ ਕਰੇ। ਇਹ ਕਦਮ ਏਅਰਲਾਈਨ ਦੇ ਸੁਰੱਖਿਆ ਅਤੇ ਸੰਚਾਲਨ ਮਾਪਦੰਡਾਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ 12 ਜੂਨ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਲੰਦਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ  ਇਹ ਫ਼ੈਸਲਾ ਲਿਆ ਹੈ। ਡੀਜੀਸੀਏ ਨੇ ਏਅਰ ਇੰਡੀਆ ਨੂੰ ਅਪਣੀਆਂ ਸ਼ਡਿਊਲਿੰਗ ਪ੍ਰਕਿਰਿਆਵਾਂ ਵਿਚ ਸੁਧਾਰ ਕਰਨ ਲਈ ਕਿਹਾ ਹੈ ਤਾਕਿ ਭਵਿੱਖ ਵਿਚ ਅਜਿਹੀਆਂ ਗ਼ਲਤੀਆਂ ਦੁਬਾਰਾ ਨਾ ਹੋਣ। ਡੀਜੀਸੀਏ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਹੁਣ ਉਡਾਣ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 12 ਜੂਨ ਨੂੰ ਹੋਏ ਇਸ ਭਿਆਨਕ ਜਹਾਜ਼ ਹਾਦਸੇ ਵਿਚ ਜਹਾਜ਼ ਵਿਚ ਸਵਾਰ 242 ਯਾਤਰੀਆਂ ਵਿਚੋਂ 241 ਨੇ ਆਪਣੀ ਜਾਨ ਗੁਆ ​​ਦਿਤੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ ਟੇਕਆਫ ਦੌਰਾਨ ਸੰਤੁਲਨ ਅਤੇ ਕੰਟਰੋਲ ਗੁਆ ​​ਬੈਠਾ ਸੀ ਤੇ ਨੇੜੇ ਸਥਿਤ ਇਕ ਮੈਡੀਕਲ ਕਾਲਜ ਦੀ ਇਮਾਰਤ ‘ਤੇ ਜਾ ਕੇ ਡਿੱਗ ਪਿਆ ਸੀ। ਇਸ ਘਟਨਾ ਵਿਚ ਮੈਡੀਕਲ ਕਾਲਜ ਦੀ ਮੈਸ ਵਿਚ ਖਾਣਾ ਖਾ ਰਹੇ ਕਈ ਡਾਕਟਰਾਂ ਦੀ ਵੀ ਮੌਤ ਹੋ ਗਈ। ਇਸ ਹਾਦਸੇ ‘ਚ ਕੁੱਲ 275 ਲੋਕਾਂ ਦੀ ਮੌਤ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਇਸ ਭਿਆਨਕ ਹਾਦਸੇ ਨੇ ਨਾ ਸਿਰਫ਼ ਭਾਰਤ ਨੂੰ ਸਗੋਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਹੈ। ਘਟਨਾ ਤੋਂ ਬਾਅਦ ਦੁਨੀਆ ਭਰ ਦੀਆਂ ਉਡਾਣ ਸੇਵਾਵਾਂ ਦੇਣ ਵਾਲੀਆਂ ਏਅਰਲਾਈਨਜ਼ ਚੌਕਸ ਹੋ ਗਈਆਂ ਹਨ।

Leave a Reply

Your email address will not be published. Required fields are marked *