ਮੋਹਾਲੀ ਦੀ ਖੇਤੀਯੋਗ ਜ਼ਮੀਨ ਨੂੰ ਰਿਹਾਇਸ਼ੀ ਇਲਾਕੇ ‘ਚ ਕੀਤਾ ਜਾਵੇਗਾ ਤਬਦੀਲ

0
mohali

ਮੋਹਾਲੀ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਮੋਹਾਲੀ ਸ਼ਹਿਰ ਨਾਲ ਲੱਗਦੇ ਪਿੰਡਾਂ ਦੇ ਮਾਸਟਰ ਪਲਾਨ ਵਿਚ ਸੋਧ ਕੀਤੀ ਜਾ ਰਹੀ ਹੈ। ਇਥੋਂ ਦੀ ਖੇਤੀਯੋਗ ਜ਼ਮੀਨ ਨੂੰ ਹੁਣ ਰਿਹਾਇਸ਼ੀ ਇਲਾਕੇ ਵਿਚ ਤਬਦੀਲ ਕੀਤਾ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਟਾਊਨ ਐਂਡ ਕੈਂਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿਤਾ ਗਿਆ ਹੈ। ਇਸਦੇ ਨਾਲ ਹੀ ਲੋਕਾਂ ਤੋਂ ਇਸ ‘ਤੇ ਰਾਏ ਵੀ ਮੰਗੀ ਗਈ ਹੈ। ਇਸ ਫ਼ੈਸਲੇ ਕਾਰਨ ਪਿੰਡਾਂ ਦੀਆਂ ਜ਼ਮੀਨਾਂ ਦੇ ਰੇਟ ਪੂਰੀ ਤਰ੍ਹਾਂ ਬਦਲ ਜਾਣਗੇ। ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ ਅਤੇ ਮਾਹਿਰਾਂ ਦੇ ਅਨੁਸਾਰ ਇਸ ਨਾਲ ਸ਼ਹਿਰੀ ਖੇਤਰ ਵੀ ਵਧੇਗਾ। ਇੱਥੇ ਵੀ ਹਾਊਸਿੰਗ ਪ੍ਰੋਜੈਕਟ ਬਣਾਏ ਜਾਣਗੇ, ਜਿਸ ਨਾਲ ਲੋਕਾਂ ਦੀ ਆਮਦਨ ਵੀ ਵਧੇਗੀ।

ਜਾਣਕਾਰੀ ਅਨੁਸਾਰ ਲਾਂਡਰਾਂ ਤੋਂ ਬਨੂੜ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਪਿੰਡ ਬਠਲਾਣਾ, ਸਨੇਟਾ, ਦੈੜੀ ਅਤੇ ਰਾਇਪੁਰ ਕਲਾ ਨੂੰ ਖੇਤੀਬਾੜੀ ਜੋਨ ਤੋਂ ਰਿਹਾਇਸ਼ੀ ਜੋਨ ਵਿਚ ਬਦਲਿਆ ਜਾਵੇਗਾ। ਰਾਇਪੁਰ ਕਲਾ ਪਹਿਲਾਂ ਹੀ ਵਿਕਸਤ ਹੋ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਪਹਿਲਾਂ ਤੋਂ ਹੀ ਇਸ ਸਬੰਧ ਵਿਚ ਮੰਗ ਕਰ ਰਹੇ ਸਨ।

ਇਸ ਸਬੰਧੀ ਨਕਸ਼ੇ ਇਕ ਪਾਸੇ ਜਿੱਥੇ ਵਿਭਾਗ ਵਲੋਂ ਆਪਣੀ ਵੈੱਬਸਾਈਟ ‘ਤੇ ਅੱਪਲੋਡ ਕਰ ਦਿਤੇ ਗਏ ਹਨ, ਉੱਥੇ ਹੀ ਇਸ ਬਾਰੇ ਸੁਝਾਅ ਗਮਾਡਾ, ਡਿਪਟੀ ਕਮਿਸ਼ਨਰ ਮੋਹਾਲੀ, ਐਸ.ਟੀ.ਪੀ., ਪੁਡਾ, ਅਤੇ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ਵਿਚ ਦਿਤੇ ਜਾ ਸਕਦੇ ਹਨ।

ਸਰਕਾਰ ਦੇ ਨੋਟੀਫਿਕੇਸ਼ਨ ਕਾਰਨ ਇਲਾਕੇ ਦੀਆਂ ਜ਼ਮੀਨਾਂ ਦੇ ਰੇਟ ਵੀ ਵਧ ਗਏ ਹਨ। ਸਨੇਟਾ ਵਿਚ ਇਕ ਏਕੜ ਜ਼ਮੀਨ ਦਾ ਰੇਟ ਪਹਿਲਾਂ 4 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 5 ਕਰੋੜ ਰੁਪਏ ਹੋ ਗਿਆ ਹੈ। ਰਿਹਾਇਸ਼ੀ ਜੋਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਇਹ ਰੇਟ ਹੋਰ ਵੀ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਹ ਇਲਾਕਾ ਪਹਿਲਾਂ ਤੋਂ ਹੀ ਏਅਰਪੋਰਟ ਏਰੀਆ ਦੇ ਨੇੜੇ ਸਥਿਤ ਹੈ। ਉੱਥੇ ਹੀ ਭਾਰਤ ਮਾਲਾ ਪ੍ਰੋਜੈਕਟ ਹੇਠ ਨਵਾਂ ਬਣ ਰਿਹਾ ਰੋਡ ਵੀ ਇਥੋਂ ਹੀ ਲੰਘ ਰਿਹਾ ਹੈ।

Leave a Reply

Your email address will not be published. Required fields are marked *