ਟਰੰਪ ਮਗਰੋਂ ਹੁਣ ਕੇਜਰੀਵਾਲ ਨੇ ਮੰਗਿਆ ਨੋਬਲ ਪੁਰਸਕਾਰ


ਕਿਹਾ, ਮੈਂ ਰੁਕਾਵਟਾਂ ਬਾਵਜੂਦ ਦਿੱਲੀ ‘ਚ ਬਹੁਤ ਕੰਮ ਕੀਤਾ
ਮੋਹਾਲੀ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਨੋਬਲ ਪੁਰਸਕਾਰ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਵਿਚ ਉਪ ਰਾਜਪਾਲ ਵਜੋਂ ਆਪਣੇ ਕਾਰਜਕਾਲ ਦੌਰਾਨ ਇੰਨਾ ਕੰਮ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਇਹ ਗੱਲ ਮੋਹਾਲੀ ਵਿਚ ਇਕ ਕਿਤਾਬ ਲਾਂਚ ਸਮਾਗਮ ਦੌਰਾਨ ਕਹੀ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਈ ਹੋਰ ਆਗੂ ਵੀ ਮੌਜੂਦ ਸਨ।
ਉਨ੍ਹਾਂ ਕਿਹਾ, “ਜਿੰਨਾ ਚਿਰ ਸਾਡੀ ਸਰਕਾਰ (ਦਿੱਲੀ ਵਿਚ) ਸੱਤਾ ਵਿਚ ਸੀ, ਸਾਨੂੰ ਕੰਮ ਨਹੀਂ ਕਰਨ ਦਿਤਾ ਗਿਆ, ਫਿਰ ਵੀ ਅਸੀਂ ਕੰਮ ਕਰਵਾਇਆ। ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ਾਸਨ ਅਤੇ ਪ੍ਰਸ਼ਾਸਨ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ।”
ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਨੂੰ ਲੈ ਕੇ ਖਿੱਚੋਤਾਣ ਕਰ ਰਹੇ ਹਨ। ਪਾਕਿਸਤਾਨ ਸਰਕਾਰ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਉਨ੍ਹਾਂ ਨੂੰ ਇਸ ਲਈ ਨਾਮਜ਼ਦ ਕੀਤਾ ਹੈ।
‘ਆਪ’ ਨੇਤਾ ਕੇਜਰੀਵਾਲ ਨੂੰ ਅਜੇ ਤਕ ਨੋਬਲ ਪੁਰਸਕਾਰ ਲਈ ਕੋਈ ਨਾਮਜ਼ਦਗੀ ਨਹੀਂ ਦਿਤੀ ਗਈ ਹੈ। ਫਿਰ ਵੀ ਉਹ ਕਹਿੰਦੇ ਹਨ, “ਅਸੀਂ ਉਪ ਰਾਜਪਾਲ ਦੇ ਕਾਰਜਕਾਲ ਦੌਰਾਨ ਦਿੱਲੀ ਵਿਚ ਬਹੁਤ ਕੰਮ ਕੀਤਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਸੀਂ ਇੰਨੀਆਂ ਮੁਸ਼ਕਲਾਂ ਦੇ ਵਿਚਕਾਰ ਦਿੱਲੀ ਵਿਚ ਮੁਹੱਲਾ ਕਲੀਨਿਕ ਬਣਾਏ। ਭਾਜਪਾ ਦੇ ਨਗਰ ਨਿਗਮ ਨੇ ਬੁਲਡੋਜ਼ਰ ਭੇਜ ਕੇ ਪੰਜ ਮੁਹੱਲਾ ਕਲੀਨਿਕਾਂ ਨੂੰ ਢਾਹ ਦਿਤਾ।
ਕੇਜਰੀਵਾਲ ਨੇ ਕਿਹਾ, “ਪਿਛਲੇ ਸਾਲ ਜੂਨ ਵਿਚ ਜਦੋਂ ਤਾਪਮਾਨ 50 ਡਿਗਰੀ ਸੈਲਸੀਅਸ ਸੀ, ਇਕ ਮਿੰਟ ਲਈ ਵੀ ਬਿਜਲੀ ਕੱਟ ਨਹੀਂ ਲੱਗਿਆ ਸੀ, ਪਰ ਹੁਣ ਬਿਜਲੀ ਕੱਟ ਲੱਗ ਰਹੇ ਹਨ। ਉਨ੍ਹਾਂ (ਭਾਜਪਾ) ਨੇ ਦਿੱਲੀ ਨੂੰ ਬਰਬਾਦ ਕਰ ਦਿਤਾ ਹੈ। ਉਹ ਰਾਜਨੀਤੀ ਕਰ ਰਹੇ ਹਨ ਅਤੇ ਉਹ ਸਿਰਫ਼ ਪੈਸਾ ਕਮਾਉਣਾ ਚਾਹੁੰਦੇ ਹਨ। ਮੈਨੂੰ ਸ਼ਾਸਨ ਅਤੇ ਪ੍ਰਸ਼ਾਸਨ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਕਿਉਂਕਿ ਮੇਰੀ ‘ਆਪ’ ਸਰਕਾਰ ਨੇ ਉਪ ਰਾਜਪਾਲ ਦੀਆਂ ਰੁਕਾਵਟਾਂ ਦੇ ਬਾਵਜੂਦ ਰਾਜਧਾਨੀ ਵਿਚ ਬਹੁਤ ਕੰਮ ਕੀਤਾ ਹੈ।”
ਜ਼ਿਕਰਯੋਗ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਪਹਿਲੀ ਵਾਰ ਨੋਬਲ ਪੁਰਸਕਾਰ ਦੀ ਆਪਣੀ ਇੱਛਾ ਪ੍ਰਗਟ ਨਹੀਂ ਕੀਤੀ ਹੈ। ਪਹਿਲਾਂ ਵੀ ਉਨ੍ਹਾਂ ਕਿਹਾ ਸੀ ਕਿ ਉਹ ਨੋਬਲ ਪੁਰਸਕਾਰ ਦੇ ਹੱਕਦਾਰ ਹਨ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਕਿਹਾ ਸੀ ਕਿ ‘ਉਪ ਰਾਜਪਾਲ ਦਿੱਲੀ ਸਰਕਾਰ ਦੇ ਕੰਮ ਵਿਚ ਰੁਕਾਵਟ ਪਾਉਂਦੇ ਹਨ ਅਤੇ ਇਸ ਦੇ ਬਾਵਜੂਦ, ਇੰਨਾ ਕੰਮ ਕੀਤਾ ਗਿਆ ਹੈ ਕਿ ਮੈਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ।’