ਅਮਰੀਕਾ ਮਗਰੋਂ ਇਜ਼ਰਾਈਲ ਨੇ ਇਰਾਨੀ ਪ੍ਰਮਾਣੂ ਥਾਂਵਾਂ ‘ਤੇ ਕੀਤਾ ਹਮਲਾ

ਬੰਦ ਨਹੀਂ ਕਰਾਂਗੇ ਪ੍ਰਮਾਣੂ ਪ੍ਰੋਗਰਾਮ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਇਸਨੂੰ ਖ਼ਤਮ ਕਰਾਂਗੇ : ਇਰਾਨ

(ਨਿਊਜ਼ ਟਾਊਨ ਨੈਟਵਰਕ)
ਤਹਿਰਾਨ/ਤੇਲ ਅਵੀਵ, 23 ਜੂਨ : ਇਜ਼ਰਾਈਲ ਨੇ ਇਰਾਨ ‘ਤੇ ਆਪਣੇ ਤਾਜ਼ਾ ਹਮਲੇ ‘ਚ ਫਿਰ ਤੋਂ ਫੋਰਡੋ ਪ੍ਰਮਾਣੂ ਸਥਾਨ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ ਰਿਪੋਰਟ ਦਿਤੀ ਹੈ ਕਿ ਇਹ ਹਮਲਾ ਉਸੇ ਜਗ੍ਹਾ ‘ਤੇ ਕੀਤਾ ਗਿਆ ਹੈ ਜਿੱਥੇ ਐਤਵਾਰ ਸਵੇਰੇ ਅਮਰੀਕਾ ਨੇ ਬੰਬ ਸੁੱਟੇ ਸਨ। ਪ੍ਰਮਾਣੂ ਸਥਾਨਾਂ ‘ਤੇ ਲਗਾਤਾਰ ਹਮਲਿਆਂ ਵਿਚਕਾਰ ਇਰਾਨ ਨੇ ਕਿਹਾ ਕਿ ਉਹ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਨਹੀਂ ਕਰੇਗਾ। ਇਰਾਨ ਦੇ ਉਪ ਵਿਦੇਸ਼ ਮੰਤਰੀ ਮਾਜਿਦ ਤਖ਼ਤ ਰਵਾਂਚੀ ਨੇ ਇਰਾਨ ਦੇ ਪ੍ਰਮਾਣੂ ਸਥਾਨਾਂ ‘ਤੇ ਅਮਰੀਕੀ ਹਮਲਿਆਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਇਸਨੂੰ ‘ਗੰਭੀਰ ਅਪਰਾਧ’ ਕਿਹਾ।
ਇਸ ਤੋਂ ਪਹਿਲਾਂ ਇਰਾਨ ਦੇ ਫ਼ੌਜੀ ਕੇਂਦਰੀ ਕਮਾਂਡ ਦੇ ਬੁਲਾਰੇ ਇਬਰਾਹਿਮ ਜ਼ੋਲਫਾਘਾਰੀ ਨੇ ਸੋਮਵਾਰ ਨੂੰ ਸਿੱਧੇ ਟਰੰਪ ਨੂੰ ਸੰਬੋਧਿਤ ਕੀਤਾ ਤੇ ਕਿਹਾ, ‘ਜੂਏਬਾਜ਼ ਟਰੰਪ, ਤੁਸੀਂ ਜ਼ਰੂਰ ਯੁੱਧ ਸ਼ੁਰੂ ਕੀਤਾ ਹੈ ਪਰ ਇਸਨੂੰ ਖਤਮ ਅਸੀਂ ਕਰਾਂਗੇ।’
ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ‘ਚ ਤਖ਼ਤਾ ਪਲਟਣ ਦੇ ਮੁੱਦੇ ‘ਤੇ ਗੱਲ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਕਿਹਾ – ਜੇਕਰ ਮੌਜੂਦਾ ਇਰਾਨੀ ਸਰਕਾਰ ‘ਇਰਾਨ ਨੂੰ ਦੁਬਾਰਾ ਮਹਾਨ’ ਨਹੀਂ ਬਣਾ ਸਕਦੀ ਤਾਂ ਸੱਤਾ ‘ਚ ਤਬਦੀਲੀ ਕਿਉਂ ਨਹੀਂ ਹੋਣੀ ਚਾਹੀਦੀ? ਮੇਕ ਇਰਾਨ ਗ੍ਰੇਟ ਅਗੇਨ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਕੱਲ੍ਹ ਇਰਾਨ ‘ਚ 3 ਪ੍ਰਮਾਣੂ ਠਿਕਾਣਿਆਂ ‘ਤੇ ਹਮਲਾ ਕਰਕੇ ਯੁੱਧ ‘ਚ ਸ਼ਮੂਲੀਅਤ ਕੀਤੀ ਸੀ। ਇਹ ਠਿਕਾਣੇ ਫੋਰਡੋ, ਨਤਾਂਜ ਅਤੇ ਇਸਫਹਾਨ ਸਨ। ਇਸ ਕਾਰਵਾਈ ‘ਚ 7 ਬੀ-2 ਸਟੀਲਥ ਬੰਬਾਰ ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਨੇ ਇਰਾਨ ਦੇ ਫੋਰਡੋ ਅਤੇ ਨਤਾਂਜ ਪ੍ਰਮਾਣੂ ਠਿਕਾਣਿਆਂ ‘ਤੇ 13,608 ਕਿਲੋਗ੍ਰਾਮ ਭਾਰ ਵਾਲੇ ਬੰਕਰ ਬਸਟਰ ਬੰਬ ਸੁੱਟੇ ਸਨ।
