ਹੈਰਾਨੀਜਨਕ! ਮੁੰਡੇ ਨਾਲ ਮੰਗਣੀ ਕਰਵਾ ਕੇ ਕੁੜੀ ਨੇ ਘਰਵਾਲਿਆਂ ਨਾਲ ਮਿਲ ਕੇ ਕੀਤਾ ਵੱਡਾ ਕਾਂਡ…

ਫਿਰੋਜ਼ਪੁਰ, 5 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਲਗਾਤਾਰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮਖੂ ਵਿਖੇ ਇਕ ਅਜਿਹਾ ਹੀ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਦੇ ਪਰਿਵਾਰ ਨੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 23 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧੋਖਾਧੜੀ ਉਦੋਂ ਸ਼ੁਰੂ ਹੋਈ ਜਦੋਂ ਮੋਗਾ ਦੇ ਪਿੰਡ ਧੱਲੇ ਕੇ ਦੇ ਰਹਿਣ ਵਾਲੇ ਨਛੱਤਰ ਸਿੰਘ, ਉਸ ਦੀ ਪਤਨੀ ਭੁਪਿੰਦਰ ਕੌਰ ਅਤੇ ਉਨ੍ਹਾਂ ਦੀ ਬੇਟੀ ਸਿਮਰ ਰੰਧਾਵਾ ਨੇ ਪਿੰਡ ਸੂਦਾ ਦੀ ਰਹਿਣ ਵਾਲੀ ਅਮਨਦੀਪ ਕੌਰ ਦੇ ਲੜਕੇ ਹਰਪ੍ਰੀਤ ਸਿੰਘ ਨਾਲ ਸਿਮਰ ਦੀ ਮੰਗਣੀ ਕਰਵਾਈ। ਮੰਗਣੀ ਤੋਂ ਬਾਅਦ ਪਰਿਵਾਰ ਨੇ ਹਰਪ੍ਰੀਤ ਨੂੰ ਆਸਟ੍ਰੇਲੀਆ ਭੇਜਣ ਦਾ ਵਾਅਦਾ ਕੀਤਾ ਅਤੇ ਇਸ ਦੇ ਬਦਲੇ ਵਿਚ 23 ਲੱਖ 50 ਹਜ਼ਾਰ ਰੁਪਏ ਵਸੂਲ ਲਏ। ਪਰਿਵਾਰ ਨੇ ਕੁਝ ਸਮਾਂ ਬਹਾਨੇ ਬਣਾਏ ਅਤੇ ਫਿਰ ਪੈਸੇ ਵਾਪਸ ਕਰਨ ਜਾਂ ਹਰਪ੍ਰੀਤ ਨੂੰ ਵਿਦੇਸ਼ ਭੇਜਣ ਤੋਂ ਇਨਕਾਰ ਕਰ ਦਿੱਤਾ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਹਰਪ੍ਰੀਤ ਦੀ ਮਾਤਾ ਅਮਨਦੀਪ ਕੌਰ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ।
ਥਾਣਾ ਮਖੂ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਦਰਖਾਸਤ ਦੀ ਪੜਤਾਲ ਉਪ ਕਪਤਾਨ ਪੁਲਿਸ (ਡੀ) ਫਿਰੋਜ਼ਪੁਰ ਵੱਲੋਂ ਕੀਤੀ ਗਈ। ਪੜਤਾਲ ਪੂਰੀ ਹੋਣ ਤੋਂ ਬਾਅਦ, ਸੀਨੀਅਰ ਕਪਤਾਨ ਪੁਲਿਸ (ਐੱਸਐੱਸਪੀ) ਫਿਰੋਜ਼ਪੁਰ ਦੀ ਮਨਜ਼ੂਰੀ ਨਾਲ ਤਿੰਨਾਂ ਮੁਲਜ਼ਮਾਂ ਨਛੱਤਰ ਸਿੰਘ, ਭੁਪਿੰਦਰ ਕੌਰ ਅਤੇ ਸਿਮਰ ਰੰਧਾਵਾ ਖ਼ਿਲਾਫ਼ ਧਾਰਾ 420 ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਜੋ ਵਿਆਹ ਜਾਂ ਮੰਗਣੀ ਵਰਗੇ ਰਿਸ਼ਤਿਆਂ ਦਾ ਫਾਇਦਾ ਚੁੱਕ ਕੇ ਵੱਡੀਆਂ ਠੱਗੀਆਂ ਮਾਰਦੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਪੈਸੇ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਲੈਣ ਤਾਂ ਜੋ ਅਜਿਹੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।