ਦੇਵ ਖਰੌੜ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਨਿਰਦੇਸ਼ਿਤ ਕਰਨਗੇ ਨਵ ਬਾਜਵਾ, ਜਲਦ ਹੋਵੇਗਾ ਸ਼ੂਟ ਦਾ ਅਗਾਜ਼


ਚੰਡੀਗੜ੍ਹ: 14 ਜੂਨ 2025 (ਨਿਊਜ਼ ਟਾਊਨ ਨੈਟਵਰਕ):
ਸਾਲ 2014 ਵਿੱਚ ਆਈ ‘ਫਤਹਿ’ ਨਾਲ ਉਭਰਦੇ ਚਿਹਰੇ ਵਜੋਂ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਨਿੱਤਰੇ ਨਵ ਬਾਜਵਾ ਛੋਟੇ ਬਜਟ ਦੀਆਂ ਕਈ ਅਲਹਦਾ ਕੰਟੈਂਟ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ ‘ਕਕਨੂਸ’, ‘ਕਿਰਦਾਰ’ ਤੋਂ ਇਲਾਵਾ ‘ਸੁੱਖਾ ਜਿੰਦਾ’, ‘ਚੰਨ ਤਾਰਾ’, ‘ਦਿਲ ਹੋਣਾ ਚਾਹੀਦਾ ਜਵਾਨ’, ‘ਤੇਰੀ ਮੇਰੀ ਨਹੀਂ ਨਿਭਣੀ’, ‘ਸਲੀਊਟ’, ‘ਇਸ਼ਕਾਂ’, ‘ਪਿਓਰ ਪੰਜਾਬੀ’ ਤੋਂ ਇਲਾਵਾ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’, ‘ਰੇਡੂਆ’, ‘ਰੇਡੂਆ ਰਿਟਰਨਸ’ ਆਦਿ ਸ਼ੁਮਾਰ ਰਹੀਆਂ ਹਨ।
ਓਧਰ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਨਿਰਦੇਸ਼ਕ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੇ ਹਨ ਨਵ ਬਾਜਵਾ, ਜਿੰਨ੍ਹਾਂ ਦੀ ਦੇਵ ਖਰੌੜ ਅਤੇ ਨੀਰੂ ਬਾਜਵਾ ਨੂੰ ਲੈ ਕੇ ਬਣਾਈ ਜਾ ਰਹੀ ਡਾਇਰੈਕਟੋਰੀਅਲ ਫਿਲਮ ‘ਮਧਾਣੀਆਂ’ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਹੈ।
ਇਸੇ ਸਾਲ ਦੇ ਅਗਲੇ ਪੜ੍ਹਾਅ ਦੌਰਾਨ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਤੋਂ ਪਹਿਲਾਂ ਹੀ ਅਦਾਕਾਰ ਅਤੇ ਨਿਰਦੇਸ਼ਕ ਨਵ ਬਾਜਵਾ ਵੱਲੋਂ ਗਿੱਪੀ ਗਰੇਵਾਲ ਸਟਾਰਰ ਉਕਤ ਫਿਲਮ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਸੰਬੰਧੀ ਰਸਮੀ ਅਨਾਊਂਸਮੈਂਟ ਕਿਸੇ ਵੀ ਵੇਲੇ ਕੀਤੀ ਜਾ ਸਕਦੀ ਹੈ।
ਬਤੌਰ ਅਦਾਕਾਰ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਹਨ ਅਦਾਕਾਰ ਨਵ ਬਾਜਵਾ, ਜੋ ਹੁਣ ਨਿਰਦੇਸ਼ਕ ਦੇ ਤੌਰ ਉਤੇ ਵੀ ਨਵੀਆਂ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾ ਵਿੱਚ ਵੱਧ ਰਹੇ ਫਿਲਮੀ ਕੱਦ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਫਿਲਮ, ਜਿਸ ਵਿੱਚ ਉਹ ਪਾਲੀਵੁੱਡ ਸਟਾਰ ਗਿੱਪੀ ਗਰੇਵਾਲ ਨੂੰ ਨਿਰਦੇਸ਼ਿਤ ਕਰਨ ਜਾ ਰਹੇ ਹਨ।
ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਮੰਨੋਰੰਜਕ ਅਤੇ ਐਕਸ਼ਨ ਫਿਲਮ ਦਾ ਰਸਮੀ ਐਲਾਨ ਜਲਦ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦਾ ਕੁਝ ਹਿੱਸਾ ਯੂਨਾਈਟਿਡ ਕਿੰਗਡਮ ਵਿਖੇ ਵੀ ਸ਼ੂਟ ਕੀਤਾ ਜਾਵੇਗਾ, ਜਿਸ ਸੰਬੰਧਤ ਲੋਕੇਸ਼ਨਜ਼ ਆਦਿ ਦੀ ਚੋਣ ਲਈ ਅਦਾਕਾਰ ਅਤੇ ਨਿਰਦੇਸ਼ਕ ਨਵ ਬਾਜਵਾ ਅਗਲੇ ਦਿਨੀਂ ਉੱਥੇ ਜਾਣ ਦੇ ਨਾਲ ਨਾਲ ਪ੍ਰੀ-ਪ੍ਰੋਡੋਕਸ਼ਨ ਕਾਰਜਾਂ ਨੂੰ ਅੰਜ਼ਾਮ ਦੇਣਗੇ।

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਵ ਬਾਜਵਾ ਹੀ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ।