ਅਫਗਾਨਿਸਤਾਨ ’ਚ ਭੂਚਾਲ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਫ਼ਗਾਨ ਸਿੱਖ …

0
WhatsApp Image 2025-09-03 at 3.46.13 PM

ਕਾਬੁਲ, 3 ਸਤੰਬਰ (ਨਿਊਜ਼ ਟਾਊਨ ਨੈਟਵਰਕ) :

ਅਫਗਾਨਿਸਤਾਨ ‘ਚ ਸਿੱਖਾਂ ਨੇ ਅਫਗਾਨ ਸਿੱਖ ਭਾਈਚਾਰੇ ਅਤੇ ਭਾਰਤੀ ਵਿਸ਼ਵ ਮੰਚ ਦੇ ਤਾਲਮੇਲ ਨਾਲ ਕੰਮ ਕਰਦੇ ਹੋਏ ਇਸ ਹਫਤੇ ਪੂਰਬੀ ਅਫਗਾਨਿਸਤਾਨ ਵਿਚ ਆਏ ਤਬਾਹਕੁੰਨ ਭੂਚਾਲ ਦੇ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ ਹੈ। ਇਹ ਸਹਾਇਤਾ ਜਲਾਲਾਬਾਦ ਦੇ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਭੇਜੀ ਗਈ, ਜਿਥੇ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਅਪਣੀ ਯਾਤਰਾ ਦੌਰਾਨ ਆਏ ਸਨ। ਇਹ ਪਹਿਲ ਅਪਣੀ ਘਟਦੀ ਗਿਣਤੀ ਅਤੇ ਚੱਲ ਰਹੀਆਂ ਸੁਰੱਖਿਆ ਚੁਨੌਤੀਆਂ ਦੇ ਬਾਵਜੂਦ ਸਾਥੀ ਅਫਗਾਨਾਂ ਦੀ ਸਹਾਇਤਾ ਕਰਨ ਲਈ ਸਿੱਖਾਂ ਦੇ ਜਜ਼ਬੇ ਨੂੰ ਦਰਸਾਉਂਦੀ ਹੈ। ਜਲਾਲਾਬਾਦ ਤੋਂ ਮਿਲੀਆਂ ਤਸਵੀਰਾਂ ’ਚ ਅਫਗਾਨ ਹਿੰਦੂ ਅਤੇ ਸਿੱਖ ਘੱਟ ਗਿਣਤੀ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਲਾਂਬਾ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੀਡੀਆ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਹਨ। ਭਾਈਚਾਰੇ ਦੇ ਨੇਤਾਵਾਂ ਨੇ ਕਿਹਾ ਕਿ ਇਹ ਮਦਦ ਮੁਹਿੰਮ ਅਫਗਾਨ ਸਿੱਖਾਂ, ਉਨ੍ਹਾਂ ਦੇ ਪ੍ਰਵਾਸੀਆਂ ਅਤੇ ਭਾਰਤੀ ਸੰਗਠਨਾਂ ਦਾ ਸਾਂਝਾ ਯਤਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤਬਾਹੀ ਨਾਲ ਸੱਭ ਤੋਂ ਵੱਧ ਪ੍ਰਭਾਵਤ ਲੋਕਾਂ ਤਕ ਸਮੇਂ ਸਿਰ ਮਦਦ ਪਹੁੰਚਾਈ ਜਾ ਸਕੇ। ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ ਜਦੋਂ ਅਫਗਾਨਿਸਤਾਨ ਵੱਡੇ ਭੂਚਾਲ ਤੋਂ ਬਾਅਦ ਸੰਘਰਸ਼ ਕਰ ਰਿਹਾ ਹੈ, ਜਿਸ ਵਿਚ 1,400 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਜ਼ਖਮੀ ਹੋਏ ਹਨ। ਦੱਸਣਯੋਗ ਹੈ ਕਿ ਭੂਚਾਲ ਦੇ ਝਟਕੇ ਕਈ ਸੂਬਿਆਂ ’ਚ ਆਏ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਇਸ ਨੇ ਪਿੰਡਾਂ ਨੂੰ ਤਬਾਹ ਕਰ ਦਿਤਾ ਅਤੇ ਲੋਕਾਂ ਨੂੰ ਘਰਾਂ ਦੇ ਮਲਬੇ ਹੇਠ ਫਸ ਗਏ ਜੋ ਜ਼ਿਆਦਾਤਰ ਮਿੱਟੀ ਦੀਆਂ ਇੱਟਾਂ ਅਤੇ ਲੱਕੜ ਨਾਲ ਬਣਾਏ ਗਏ ਸਨ ਅਤੇ ਸਦਮੇ ਦਾ ਸਾਹਮਣਾ ਕਰਨ ਵਿਚ ਅਸਮਰੱਥ ਸਨ। ਖਰਾਬ ਇਲਾਕਾ ਬਚਾਅ ਅਤੇ ਰਾਹਤ ਕਾਰਜਾਂ ਵਿਚ ਰੁਕਾਵਟ ਪਾ ਰਿਹਾ ਹੈ।

 

Leave a Reply

Your email address will not be published. Required fields are marked *