ਪਿਤਾ ਤੇ ਹੋਈ ਫਾਇਰਿੰਗ ਤੋਂ ਬਾਅਦ ਐਕਟਰੈਸ Tania ਨੇ ਕੀਤੀ ਇਹ ਮੰਗ


ਚੰਡੀਗੜ੍ਹ 5 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਇਸ ਸਮੇਂ ਇਕ ਗੰਭੀਰ ਸਥਿਤੀ ਵਿਚੋਂ ਲੰਘ ਰਹੀ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਡਾ. ਅਨੀਲ ਜੀਤ ਸਿੰਘ ਕੰਬੋਜ ਨੂੰ 4 ਜੁਲਾਈ ਨੂੰ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ‘ਚ ਸਥਿਤ ਉਨ੍ਹਾਂ ਦੇ ਨਰਸਿੰਗ ਹੋਮ ‘Harbans Nursing Home’ ਵਿਚ 2 ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। ਡਾ. ਕੰਬੋਜ ਨੂੰ ਤੁਰੰਤ ਮੋਗਾ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ।
ਤਾਨੀਆ ਦੀ ਟੀਮ ਵਲੋਂ ਪਰਿਵਾਰ ਦੀ ਨਿੱਜਤਾ ਦੀ ਅਪੀਲ
ਤਾਨੀਆ ਵੱਲੋਂ ਉਨ੍ਹਾਂ ਦੀ ਟੀਮ ਨੇ ਇੰਸਟਾਗ੍ਰਾਮ ‘ਤੇ ਇੱਕ ਸੰਵੇਦਨਸ਼ੀਲ ਨੋਟ ਸਾਂਝਾ ਕਰਦਿਆਂ ਲਿਖਿਆ, “ਤਾਨੀਆ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਬਹੁਤ ਹੀ ਨਾਜ਼ੁਕ ਅਤੇ ਭਾਵਨਾਤਮਕ ਸਮਾਂ ਹੈ। ਅਸੀਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਉਹਨਾਂ ਨੂੰ ਸੰਭਲਣ ਲਈ ਲੋੜੀਂਦਾ ਸਮਾਂ ਦੇਣ। ਅਸੀਂ ਸਾਰਿਆਂ ਨੂੰ ਸੰਵੇਦਨਸ਼ੀਲ ਰਹਿਣ ਅਤੇ ਸਥਿਤੀ ਦੇ ਬਾਰੇ ਅਟਕਲਾਂ ਜਾਂ ਕਹਾਣੀਆਂ ਬਣਾਉਣ ਤੋਂ ਬਚਣ ਦੀ ਅਪੀਲ ਕਰਦੇ ਹਾਂ। ਤੁਹਾਡੀ ਸਮਝ ਅਤੇ ਸਮਰਥਨ ਲਈ ਧੰਨਵਾਦ।
ਪੁਲਸ ਮੁਤਾਬਕ ਡਾ. ਕੰਬੋਜ ਨੂੰ ਪਹਿਲਾਂ ਵੀ ਕੁਝ ਧਮਕੀਆਂ ਮਿਲ ਚੁੱਕੀਆਂ ਸਨ, ਹਾਲਾਂਕਿ ਇਸ ਬਾਰੇ ਕੋਈ ਅਧਿਕਾਰਕ ਸ਼ਿਕਾਇਤ ਦਰਜ ਨਹੀਂ ਹੋਈ ਸੀ। ਪੁਲਸ ਵਲੋਂ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਸ਼ਹਿਰ ‘ਚ ਕਈ ਨਾਕੇ ਲਗਾ ਕੇ ਸ਼ੱਕੀ ਲੋਕਾਂ ਦੀ ਚੈੱਕਿੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਡਾਕਟਰ ਨੂੰ 2 ਗੋਲੀਆਂ ਲੱਗੀਆਂ ਹਨ। ਪੁਲਸ ਮੁਤਾਬਕ ਹਮਲਾਵਰ ਇਲਾਜ ਕਰਵਾਉਣ ਦੇ ਬਹਾਨੇ ਕਲੀਨਿਕ ਵਿਚ ਦਾਖਲ ਹੋਏ ਅਤੇ ਡਾਕਟਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡਾਕਟਰ ‘ਤੇ ਫਾਇਰਿੰਗ ਕਰ ਦਿੱਤੀ।