ਪੰਜਾਬੀ ਤੇ ਹਿੰਦੀ ਫਿਲਮਾਂ ਦੇ ਉੱਘੇ ਅਦਾਕਾਰ-ਨਿਰਮਾਤਾ ਧੀਰਜ ਕੁਮਾਰ ਦਾ ਦੇਹਾਂਤ


ਮੁੰਬਈ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਉੱਘੇ ਅਦਾਕਾਰ-ਫ਼ਿਲਮ ਨਿਰਮਾਤਾ ਧੀਰਜ ਕੁਮਾਰ ਦਾ 79 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਮਸ਼ਹੂਰ ਨਿਰਮਾਤਾ ਅਤੇ ਅਦਾਕਾਰ ਧੀਰਜ ਕੁਮਾਰ ਦੀ ਹਾਲਤ ਲੰਬੇ ਸਮੇਂ ਤੋਂ ਖਰਾਬ ਦੱਸੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਅਦਾਕਾਰ ਧੀਰਜ ਕੁਮਾਰ ਨੂੰ ਨਮੂਨੀਆ ਦੀ ਸ਼ਿਕਾਇਤ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਗੰਭੀਰ ਹਾਲਤ ‘ਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਨੂੰ ਆਈਸੀਯੂ ਵਿਚ ਰੱਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਫਿਲਮਾਂ ਵਿਚ ਕੰਮ ਕਰਨ ਦੇ ਨਾਲ-ਨਾਲ ਧੀਰਜ ਕੁਮਾਰ ਨੇ ਕਈ ਫਿਲਮਾਂ ਅਤੇ ਟੀਵੀ ਸੀਰੀਅਲ ਵੀ ਬਣਾਏ ਹਨ। ਉਹ 1965 ਵਿਚ ਮਨੋਰੰਜਨ ਉਦਯੋਗ ਵਿਚ ਦਾਖਲ ਹੋਏ। ਉਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਬਾਲੀਵੁੱਡ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ 1970 ਤੋਂ 1984 ਦੇ ਵਿਚਕਾਰ ਲਗਭਗ 21 ਪੰਜਾਬੀ ਫਿਲਮਾਂ ਵਿਚ ਕੰਮ ਕੀਤਾ ਹੈ। ਫਿਰ ਉਨ੍ਹਾਂ ਨੇ ਕਰੀਏਟਿਵ ਆਈ ਨਾਮ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਖੋਲ੍ਹੀ, ਜਿਸ ਵਿਚੋਂ ਉਹ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਣੇ।
ਦੂਜੇ ਪਾਸੇ ਧੀਰਜ ਕੁਮਾਰ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦੀਦਾਰ, ਰਤਨ ਕਾ ਰਾਜਾ, ਬਹਾਰੋਂ ਫੂਲ ਬਰਸਾਓ, ਹੀਰਾ ਪੰਨਾ, ਸ਼ਰਾਫਤ ਛੋੜ ਦੀ ਮੈਂ, ਰੋਟੀ ਕੱਪੜਾ ਔਰ ਮਕਾਨ, ਸਰਗਮ, ਮਾਂਗ ਭਰੋ ਸੱਜਣਾ, ਕ੍ਰਾਂਤੀ, ਪੁਰਾਣ ਮੰਦਰ, ਬੇਪਨਾਹ, ਸਵਾਮੀ ਵਰਗੀਆਂ ਕਈ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਪ੍ਰੋਡਕਸ਼ਨ ਹਾਊਸ ਕਰੀਏਟਿਵ ਆਈ ਦੇ ਬੈਨਰ ਹੇਠ ਕਈ ਟੀਵੀ ਸੀਰੀਅਲ ਵੀ ਬਣਾਏ। ਉਸ ਨੇ ‘ਕਹਾ ਗਏ ਵੋ ਲੋਕ’, ‘ਅਦਾਲਤ’, ‘ਸੰਸਾਰ’, ‘ਧੂਪ ਛਾਂ’, ‘ਸ਼੍ਰੀ ਗਣੇਸ਼’, ‘ਸੱਚ’, ‘ਜਾਨੇ ਅੰਜਾਨੇ’, ‘ਕਿਆ ਮੁਝਸੇ ਦੋਸਤੀ ਕਰੋਗੀ’, ‘ਮਿਲੀ’, ‘ਘਰ ਕੀ ਲਕਸ਼ਮੀ ਬੇਟੀਆਂ’, ‘ਮਨ ਮੈਂ ਹੈ ਵਿਸ਼ਵਾਸ਼’, ‘ਮਾਇਕਾ’ ਸਮੇਤ ਕਈ ਸ਼ੋਅਜ਼ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਹੈ।