ਪਾਕਿਸਤਾਨ ’ਚ ਦਿਲੀਪ ਕੁਮਾਰ ਤੇ Raj Kapoor ਦੀ ਸੰਪਤੀ ‘ਤੇ ਐਕਸ਼ਨ, ਸਰਕਾਰ ਨੇ ਲਿਆ ਵੱਡਾ ਫ਼ੈਸਲਾ


ਪਿਸ਼ਾਵਰ, 10 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :
ਪਾਕਿਸਤਾਨ ਦੀ ਖੈਬਰ ਪਖਤੂਨਖ਼ਵਾ ਸੂਬਾਈ ਸਰਕਾਰ ਨੇ ਬੁੱਧਵਾਰ ਨੂੰ ਭਾਰਤੀ ਫਿਲਮ ਜਗਤ ਦੇ ਦਿੱਗਜ ਦਿਲੀਪ ਕੁਮਾਰ ਤੇ ਰਾਜ ਕਪੂਰ ਨਾਲ ਜੁੜੀਆਂ ਇਤਿਹਾਸਕ ਇਮਾਰਤਾਂ ਦੀ ਸੁਰਜੀਤੀ ਤੇ ਰਾਖੀ ਲਈ 3.38 ਕਰੋੜ ਰੁਪਏ ਮਨਜ਼ੂਰ ਕੀਤੇ ਹਨ।
ਸੂਬੇ ਦੇ ਮੁੱਖ ਮੰਤਰੀ ਅਲੀ ਅਮੀਨ ਗੰਦਾਪੁਰ ਤੇ ਸੈਰ-ਸਪਾਟਾ ਤੇ ਪੁਰਾਤੱਤਵ ਸਲਾਹਕਾਰ ਜਾਹਿਦ ਖ਼ਾਨ ਸ਼ਿਨਵਾਰੀ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਇਸ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ’ਚ ਵਿਸ਼ਵ ਬੈਂਕ ਦੇ ਕੇਆਰਟੀਆਈ ਪ੍ਰੋਗਰਾਮ ਦੇ ਤਹਿਤ ਖੈਬਰ ਪਖਤੂਨਖ਼ਵਾ ਸੂਬੇ ’ਚ ਵਿਰਾਸਤ ਸੁਰੱਖਿਆ ਤੇ ਸੈਰ-ਸਪਾਟਾ ਸੰਭਾਲ ਲਈ ਅਹਿਮ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਰਾਜ ਕਪੂਰ ਤੇ ਦਿਲੀਪ ਕੁਮਾਰ ਦੀਆਂ ਇਤਿਹਾਸਕ ਇਮਾਰਤਾਂ, ਜਿਨ੍ਹਾਂ ਨੂੰ ਪਾਕਿਸਤਾਨੀ ਸਰਕਾਰ ਪਹਿਲਾਂ ਹੀ ਰਾਸ਼ਟਰੀ ਵਿਰਾਸਤ ਐਲਾਨ ਚੁੱਕੀਆਂ ਹਨ, ਬੇਹੱਦ ਮਾੜੀ ਹਾਲਤ ’ਚ ਹਨ।
ਖੈਬਰ ਪਖਤੂਨਖ਼ਵਾ ਪੁਰਾਤੱਤਵ ਵਿਭਾਗ ਨੇ ਦੋਵਾਂ ਇਮਾਰਤਾਂ ਨੂੰ ਦੋਵਾਂ ਅਦਾਕਾਰਾਂ ਦੇ ਜੀਵਨ ਤੇ ਕਰੀਅਰ ਨੂੰ ਸਮਰਪਿਤ ਅਜਾਇਬਘਰਾਂ ’ਚ ਬਦਲਣ ਦੀ ਯੋਜਨਾ ਬਣਾਈ ਹੈ। ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ 2014 ਨੂੰ ਇਨ੍ਹਾਂ ਘਰਾਂ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਸੀ। ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਡਾ. ਅਬਦੁਸ ਸਮਦ ਨੇ ਦੱਸਿਆ ਕਿ ਸਰਕਾਰ ਇਸ ਜਾਇਦਾਦ ਨੂੰ ਐਕਵਾਇਰ ਕਰ ਕੇ ਇਸ ਨੂੰ ਅਜਾਇਬਘਰ ’ਚ ਬਦਲਣਾ ਚਾਹੁੰਦੀ ਹੈ, ਜਿਸ ਵਿਚ ਦਿਲੀਪ ਕੁਮਾਰ ਤੇ ਰਾਜ ਕਪੂਰ ਦੀ ਪਿਸ਼ਾਵਰ ਤੋਂ ਮੁੰਬਈ ਤੱਕ ਦੀ ਯਾਤਰਾ ਨੂੰ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਇਕ ਸਮਰਪਿਤ ਗੈਲਰੀ ਵੀ ਸ਼ਾਮਲ ਹੋਵੇਗੀ।