ਲੁਧਿਆਣਾ ‘ਚ ACP ਜਤਿੰਦਰ ਚੋਪੜਾ ਅਤੇ ਉਸ ਦੇ ਭਰਾ ਨੇ ਕਾਰ ਸਵਾਰ ਪਰਿਵਾਰ ਨਾਲ ਕੀਤੀ ਗੁੰਡਾਗਰਦੀ!


(ਰਵੀ ਭਾਟੀਆ)
ਲੁਧਿਆਣਾ, 21 ਅਕਤੂਬਰ : ਲੁਧਿਆਣਾ ਦੇ ਬੜੇ ਵੱਲ ਰੋਡ ਦੇ ਕੋਲ ਦੀਵਾਲੀ ਦੀ ਰਾਤ ਨੂੰ ਏਸੀਪੀ ਜਤਿੰਦਰ ਚੋਪੜਾ ਅਤੇ ਉਸ ਦੇ ਭਰਾ ਵਲੋਂ ਇਕ ਕਾਰ ਚਾਲਕ ਨਾਲ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏਸੀਪੀ ਜਤਿੰਦਰ ਚੋਪੜਾ ਅਤੇ ਉਸਦੇ ਭਰਾ ਦਾ ਸੜਕ ਦੇ ਵਿਚਕਾਰ ਹੀ ਇੱਕ ਜੋੜੇ ਨਾਲ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਰਾਤ 10 ਵਜੇ ਕੇ ਕਰੀਬ ਇਕ ਪਰਿਵਾਰ ਆਪਣੇ ਘਰੋਂ ਖਾਣਾ ਖਾਣ ਨਿਕਲਿਆ ਤਾਂ ਰਸਤੇ ਵਿਚ ਏ.ਸੀ.ਪੀ ਜਤਿੰਦਰ ਚੋਪੜਾ ਅਤੇ ਉਸ ਦੇ ਭਰਾ ਦੀ ਗੱਡੀ ਦੀ ਇਕ ਜੋੜੇ ਦੀ ਗੱਡੀ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਹ ਸੜਕ ‘ਤੇ ਹੀ ਇੱਕ ਦੂਜੇ ਨਾਲ ਟਕਰਾ ਗਏ। ਫਿਰ ਕਾਰ ਵਿੱਚ ਸਵਾਰ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿਤੀ। ਪਹਿਲਾਂ ਡੀਐਸਪੀ ਦੇ ਭਰਾ ਨੇ ਬਹਿਸ ਕੀਤੀ। ਥੋੜ੍ਹੀ ਦੇਰ ਬਾਅਦ ਡੀਐਸਪੀ ਵੀ ਪਹੁੰਚ ਗਿਆ ਅਤੇ ਗੁੱਸੇ ਵਿੱਚ ਆ ਗਿਆ। ਉਸਨੂੰ ਗਾਲੀ-ਗਲੋਚ ਕਰਦੇ ਵੀ ਸੁਣਿਆ ਗਿਆ। ਜਿਸ ਤੋਂ ਬਾਅਦ ਏਸੀਪੀ ਜਤਿੰਦਰ ਚੋਪੜਾ ਤੇ ਉਸ ਦੇ ਭਰਾ ਨੇ ਪਰਿਵਾਰ ਨੂੰ ਕੱਢੀਆਂ ਗਾਲਾਂ ,ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਡੀਐਸਪੀ ਜਤਿੰਦਰ ਚੋਪੜਾ ਨੇ ਕਿਹਾ ਕਿ ਕਾਰ ਦੀ ਟੱਕਰ ਹੋਈ ਸੀ। ਸਾਹਮਣੇ ਵਾਲੇ ਵਿਅਕਤੀ ਨੇ ਇੱਕ ਵੀਡੀਓ ਬਣਾਈ, ਜਿਸ ਕਾਰਨ ਝਗੜਾ ਹੋਇਆ।