ਮੋਹਾਲੀ ਦੇ CP-67 ਮਾਲ ਬਾਹਰ ਵੱਡਾ ਹਾਦਸਾ


ਮੋਹਾਲੀ 5 ਜੁਲਾਈ ( ਪ੍ਰਲਾਦ ਸੰਗੇਲੀਆ ) ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਸੀ. ਪੀ.-67 ਮਾਲ ਬਾਹਰ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਟਰਾਲਾ ਖੱਡੇ ‘ਚ ਜਾ ਡਿੱਗਿਆ। ਜਾਣਕਾਰੀ ਮੁਤਾਬਕ ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਸਮਾਨ ਲੈ ਕੇ ਕੀਰਤਪੁਰ ਸਾਹਿਬ ਜਾ ਰਿਹਾ ਸੀ ਕਿ ਅਚਾਨਕ ਸੀ. ਪੀ.-67 ਮਾਲ ਬਾਹਰ ਉਸ ਦਾ ਟਰਾਲਾ ਸੜਕ ‘ਤੇ ਪਏ 15-20 ਫੁੱਟ ਡੂੰਘੇ ਖੱਡੇ ‘ਚ ਜਾ ਡਿੱਗਿਆ।
ਡਰਾਈਵਰ ਦੇ ਦੱਸਣ ਮੁਤਾਬਕ 3-4 ਗੱਡੀਆਂ ਨੂੰ ਬਚਾਉਂਦਾ ਹੋਇਆ ਉਸ ਦਾ ਟਰਾਲਾ ਇਸ ਖੱਡੇ ‘ਚ ਡਿੱਗ ਗਿਆ। ਇਸ ਹਾਦਸੇ ਦੌਰਾਨ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਡਰਾਈਵਰ ਦਾ ਕਹਿਣਾ ਹੈ ਕਿ ਇਸ ਹਾਦਸੇ ਨੂੰ 8 ਘੰਟਿਆਂ ਤੋਂ ਵੀ ਉੱਪਰ ਹੋ ਗਿਆ ਪਰ ਕੋਈ ਵੀ ਪੁਲਸ ਅਧਿਕਾਰੀ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਿਆ।
ਉਸ ਨੇ ਕਿਹਾ ਕਿ ਜੇਕਰ ਇਹ ਟਰਾਲਾ 3-4 ਗੱਡੀਆਂ ਨੂੰ ਨਾ ਬਚਾਉਂਦਾ ਤਾਂ ਕਈ ਜਾਨਾਂ ਜਾ ਸਕਦੀਆਂ ਸਨ। ਫਿਲਹਾਲ ਪੁਲਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਡਰਾਈਵਰ ਦਾ ਕਹਿਣਾ ਹੈ ਕਿ ਉਸ ਦਾ 25 ਤੋਂ 30 ਲੱਖ ਦਾ ਨੁਕਸਾਨ ਹੋ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ 2 ਦਿਨ ਪਹਿਲਾਂ ਹੀ ਇੱਥੇ 15-20 ਫੁੱਟ ਦਾ ਡੂੰਘਾ ਖੱਡਾ ਸੜਕ ‘ਤੇ ਪੈ ਗਿਆ ਸੀ, ਜਿਸ ਦੌਰਾਨ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਸੀ।