ਗ਼ੈਰ-ਹਾਜ਼ਰ ਡਾਕਟਰ ਨੇ ਫ਼ੋਨ ‘ਤੇ ਕਰਵਾਇਆ ਜਣੇਪਾ, ਮਾਂ ਤੇ ਬੱਚੇ ਦੀ ਮੌਤ

ਜਣੇਪੇ ਲਈ ਮਾਂ ਪਰਮੇਸ਼ਵਰੀ ਦੇਵੀ ਨੂੰ ਹਸਪਤਾਲ ‘ਚ ਕਰਵਾਇਆ ਸੀ ਦਾਖ਼ਲ

ਫੈਜ਼ਾਬਾਦ, 4 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਦੇ ਇਕ ਨਿਜੀ ਹਸਪਤਾਲ ਵਿਚ ਗ਼ੈਰ-ਸਿਖਿਅਤ ਸਟਾਫ਼ ਦੁਆਰਾ ਜਣੇਪਾ ਕਰਵਾਉਣ ਤੋਂ ਬਾਅਦ ਕਥਿਤ ਡਾਕਟਰੀ ਲਾਪਰਵਾਹੀ ਕਾਰਨ ਇਕ 32 ਸਾਲਾ ਔਰਤ ਅਤੇ ਉਸਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਔਰਤ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਜਣੇਪੇ ਦੌਰਾਨ ਡਾਕਟਰ ਹਸਪਤਾਲ ਵਿਚ ਮੌਜੂਦ ਨਹੀਂ ਸੀ ਅਤੇ ਉਸ ਨੇ ਸਟਾਫ਼ ਨੂੰ ਫ਼ੋਨ ’ਤੇ ਸਾਰੀਆਂ ਹਦਾਇਤਾਂ ਦਿਤੀਆਂ। ਫੈਜ਼ਾਬਾਦ ਸ਼ਹਿਰ ਵਿਚ ਮੰਗਲਵਾਰ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਨੇ ਸਬੰਧਤ ਹਸਪਤਾਲ ਨੂੰ ਸੀਲ ਕਰ ਦਿਤਾ ਅਤੇ ਜਾਂਚ ਸ਼ੁਰੂ ਕਰ ਦਿਤੀ। ਬੇਨੀਗੰਜ ਦੇ ਸੁਰੇਸ਼ ਯਾਦਵ ਨੇ ਕਿਹਾ ਕਿ ਉਸ ਦੀ ਪਤਨੀ ਸੋਨੀ ਯਾਦਵ ਨੂੰ ਜਣੇਪੇ ਦੀਆਂ ਦਰਦਾਂ ਹੋਣ ਤੋਂ ਬਾਅਦ ਮਾਂ ਪਰਮੇਸ਼ਵਰੀ ਦੇਵੀ ਮੈਮੋਰੀਅਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਲਾਜ ਕਰ ਰਹੀ ਡਾਕਟਰ ਅੰਜਲੀ ਸ਼੍ਰੀਵਾਸਤਵ ਨੇ ਸ਼ੁਰੂ ਵਿਚ ਉਨ੍ਹਾਂ ਨੂੰ ਦਸਿਆ ਕਿ ਉਸਦੀ ਹਾਲਤ ਆਮ ਹੈ। ਪਰਿਵਾਰ ਅਨੁਸਾਰ ਜਣੇਪੇ ਸਮੇਂ ਡਾਕਟਰ ਮੌਜੂਦ ਨਹੀਂ ਸੀ ਅਤੇ ਜਣੇਪੇ ਦੀ ਪ੍ਰਕਿਰਿਆ ਇਕ ਮਹਿਲਾ ਕਰਮਚਾਰੀ ਦੁਆਰਾ ਕੀਤੀ ਗਈ ਸੀ।
