ਗੁਜਰਾਤ ‘ਚ ਆਪ ਨੂੰ ਵੱਡਾ ਝਟਕਾ, ਵਿਧਾਇਕ ਉਮੇਸ਼ ਮਕਵਾਨਾ ਨੇ ਦਿਤਾ ਅਸਤੀਫ਼ਾ

ਉਮੇਸ਼ ਮਕਵਾਨਾ ਨੂੰ 5 ਸਾਲਾਂ ਲਈ ਪਾਰਟੀ ਤੋਂ ਕੀਤਾ ਮੁਅੱਤਲ

(ਨਿਊਜ਼ ਟਾਊਨ ਨੈਟਵਰਕ)
ਬੋਟਾਡ, 26 ਜੂਨ : ਗੁਜਰਾਤ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬੋਟਾਡ ਤੋਂ ਪਾਰਟੀ ਵਿਧਾਇਕ ਉਮੇਸ਼ ਮਕਵਾਨਾ ਨੇ ਅਪਣੇ ਸਾਰੇ ਸੰਗਠਨਾਤਮਕ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਸਬੰਧੀ ਉਨ੍ਹਾਂ ਨੇ ਇਕ ਪੱਤਰ ਜਾਰੀ ਕਰਕੇ ਕਿਹਾ ਕਿ ਇਸ ਸਮੇਂ ਉਨ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਸੀਮਤ ਹੋ ਰਹੀਆਂ ਹਨ, ਜਿਸ ਕਾਰਨ ਉਹ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ। ਹਾਲਾਂਕਿ ਇਕ ਵਰਕਰ ਦੇ ਤੌਰ ‘ਤੇ ਉਹ ਪਾਰਟੀ ਨਾਲ ਜੁੜੇ ਰਹਿਣਗੇ। ਉਮੇਸ਼ ਮਕਵਾਨਾ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦ ਸੂਬੇ ਵਿਚ ਪਾਰਟੀ ਦੇ ਵਿਸਥਾਰ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਦੇ ਅੰਦਰ ਹਲਚਲ ਮਚ ਗਈ ਹੈ। ਫ਼ਿਲਹਾਲ ਉਨ੍ਹਾਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਨਹੀਂ ਦਿਤਾ ਹੈ।

ਅਸਤੀਫ਼ਾ ਦੇਣ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਉਮੇਸ਼ ਮਕਵਾਨਾ ਵਿਰੁਧ ਕਾਰਵਾਈ ਕੀਤੀ ਹੈ। ‘ਆਪ’ ਨੇ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮਕਵਾਨਾ ਨੂੰ 5 ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਗੁਜਰਾਤ ਪ੍ਰਦੇਸ਼ ਪ੍ਰਧਾਨ ਇਸ਼ੂਦਾਨ ਗੜ੍ਹਵੀ ਨੇ ਦਿਤੀ। ਬੋਟਾਡ ਦੇ ਵਿਧਾਇਕ ਉਮੇਸ਼ ਮਕਵਾਨਾ ਨੂੰ 5 ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਮਕਵਾਨਾ ਪਾਰਟੀ ਵਿਰੋਧੀ ਅਤੇ ਗੁਜਰਾਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਏ ਸੀ, ਇਸ ਲਈ ਉਸਨੂੰ 5 ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿਤਾ।
ਦੱਸਣਯੋਗ ਹੈ ਕਿ ਆਪ ਨੇ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਗੁਜਰਾਤ ਦੀ ਵਿਸਾਵਦਰ ਵਿਧਾਨ ਸਭਾ ਸੀਟ ਅਤੇ ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ 2 ਸੀਟਾਂ ‘ਤੇ ਜਿੱਤ ਨੇ ਆਮ ਆਦਮੀ ਪਾਰਟੀ ਨੂੰ ਖ਼ੁਸ਼ ਹੋਣ ਦਾ ਮੌਕਾ ਦਿਤਾ ਪਰ ਇਸ ਜਿੱਤ ਦੇ ਕੁਝ ਦਿਨਾਂ ਦੇ ਅੰਦਰ ਹੀ ਇਕ ਵਿਧਾਇਕ ਉਮੇਸ਼ ਮਕਵਾਨਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ। ਇਸ ਨੂੰ ਆਮ ਆਦਮੀ ਪਾਰਟੀ ਲਈ ਇਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
ਗੁਜਰਾਤ ਦੀ ਵਿਸਾਸਦਰ ਸੀਟ ਤੋਂ ਗੋਪਾਲ ਇਟਾਲੀਆ ਅਤੇ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਦੀ ਜਿੱਤ ਨੇ ‘ਆਪ’ ਦਾ ਵਿਸ਼ਵਾਸ ਵਧਾ ਦਿਤਾ ਸੀ ਕਿਉਂਕਿ ਆਉਣ ਵਾਲੇ ਸਾਲਾਂ ਵਿਚ ਗੁਜਰਾਤ ਅਤੇ ਪੰਜਾਬ ਦੋਵਾਂ ਵਿਚ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ‘ਆਪ’ ਇਸ ਜਿੱਤ ਨੂੰ ਇਕ ਨਵੀਂ ਉਮੀਦ ਵਜੋਂ ਦੇਖ ਰਹੀ ਸੀ। ਹਾਲਾਂਕਿ ‘ਆਪ’ ਦੀ ਇਸ ਖੁਸ਼ੀ ਨੂੰ ਹੁਣ ਉਮੇਸ਼ ਮਕਵਾਨਾ ਨੇ ਚਕਨਾਚੂਰ ਕਰ ਦਿਤਾ ਹੈ। ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿਤਾ ਅਤੇ ਕਿਹਾ ਕਿ ਉਹ ਸਿਰਫ਼ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰਨਾ ਚਾਹੁੰਦੇ ਹਨ। ਹਾਲਾਂਕਿ ‘ਆਪ’ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ ਅਤੇ ਉਨ੍ਹਾਂ ਨੂੰ ਪਾਰਟੀ ਤੋਂ 5 ਸਾਲਾਂ ਲਈ ਮੁਅੱਤਲ ਕਰ ਦਿਤਾ।
