ਅੰਮ੍ਰਿਤਸਰ ‘ਚ ਦਿਨ-ਦਿਹਾੜੇ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

0
Screenshot 2026-01-04 174520

ਪੰਜਾਬ ‘ਚ ਨਹੀਂ ਰੁੱਕ ਰਹੀਆਂ ਗੋਲੀਬਾਰੀ, ਫਿਰੌਤੀ ਤੇ ਕਤਲਾਂ ਦੀਆਂ ਵਾਰਦਾਤਾਂ

ਅੰਮ੍ਰਿਤਸਰ, 4 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਪੰਜਾਬ ‘ਚ ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਤੇ ਫਿਰੌਤੀ ਲਈ ਕਤਲਾਂ ਦੀਆਂ ਵਾਰਦਾਤਾਂ ਘੱਟ ਨਹੀਂ ਰਹੀਆਂ ਹਨ। ਅੰਮ੍ਰਿਤਸਰ ਦੇ ਇੱਕ ਰਿਜ਼ੋਰਟ ‘ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਰਮਲ ਸਿੰਘ, ਤਰਨਤਾਰਨ ਦੇ ਪਿੰਡ ਵਲਟੋਹਾ ਦਾ ਸਰਪੰਚ ਸੀ, ਜੋ ਰਿਜ਼ੋਰਟ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਪੁੱਜਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਬਰਾਤ ਵਿੱਚ ਆਏ ਸਨ ਅਤੇ ਇਹ ਬਰਾਤ ਦੀਨਾਨਗਰ ਤੋਂ ਆਈ ਸੀ, ਜਿਸ ਦੀ ਆੜ੍ਹ ਹੇਠ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਦੋ ਅਣਪਛਾਤਿਆਂ ਨੇ ਅੰਜਾਮ ਦਿੱਤਾ ਅਤੇ ਜਰਮਲ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਫਰ਼ਾਰ ਹੋ ਗਏ। ਮੌਕੇ ‘ਤੇ ਸਰਪੰਚ ਜਰਮਲ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਧਰ ਵਿਆਹ ਵਿੱਚ ਸ਼ਾਮਲ ਹੋਏ ‘ਆਪ’ ਵਿਧਾਇਕ ਸਰਵਣ ਸਿੰਘ ਨੇ ਕਿਹਾ ਕਿ ਹਮਲਾਵਰ ਕੋਟ ਅਤੇ ਪੈਂਟ ਪਹਿਨੇ ਮਹਿਮਾਨਾਂ ਦੇ ਪਹਿਰਾਵੇ ‘ਚ ਸਨ। ਉਨ੍ਹਾਂ ਨੇ ਸਰਪੰਚ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਜਦੋਂ ਉਹ ਖਾਣਾ ਖਾ ਰਿਹਾ ਸੀ। ‘ਆਪ’ ਵਿਧਾਇਕ ਸਰਵਣ ਸਿੰਘ ਨੇ ਕਿਹਾ, “ਇਹ ਅਮਰਕੋਟ ਦੇ ਸਰਪੰਚ ਸ਼ੈਰੀ ਦੀ ਭੈਣ ਦਾ ਵਿਆਹ ਸੀ। ਮੈਂ ਵੀ ਵਿਆਹ ਵਿੱਚ ਸੀ। ਮੈਂ ਹਾਲ ਵਿੱਚ ਸੀ ਅਤੇ ਸਰਪੰਚ ਜਰਮਲ ਇੱਕ ਮੇਜ਼ ‘ਤੇ ਬੈਠਾ ਖਾਣਾ ਖਾ ਰਿਹਾ ਸੀ।” ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਤੋਂ ਫਿਰੌਤੀ ਮੰਗੀ ਗਈ ਸੀ। ਸਰਪੰਚ ਨੇ ਇਸ ਮਾਮਲੇ ਵਿੱਚ ਵਲਟੋਹਾ ਪੁਲਿਸ ਸਟੇਸ਼ਨ ਵਿੱਚ ਕੇਸ ਵੀ ਦਰਜ ਕਰਵਾਇਆ ਸੀ। ਇਹ ਦੁਸ਼ਮਣੀ ਦਾ ਮਾਮਲਾ ਨਹੀਂ ਹੈ, ਸਗੋਂ ਗੈਂਗਸਟਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਸਨ। ਇਹ ਕਤਲ ਦਾ ਕਾਰਨ ਹੋ ਸਕਦਾ ਹੈ। ਗੋਲੀਬਾਰੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੁਰੰਤ ਰਿਜ਼ੋਰਟ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਆਹ ਸਮਾਰੋਹ ਵਿੱਚ ਸ਼ਾਮਲ ਹੋਏ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੂੰ ਸ਼ੱਕ ਹੈ ਕਿ ਸਰਪੰਚ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਜਾਂਚ ਅਨੁਸਾਰ ਉਸ ‘ਤੇ ਪਹਿਲਾਂ ਵੀ ਤਿੰਨ ਵਾਰ ਹਮਲਾ ਹੋ ਚੁੱਕਾ ਸੀ। ਡੀਸੀਪੀ ਜਗਜੀਤ ਵਾਲੀਆ ਨੇ ਕਿਹਾ ਕਿ ਰਿਜ਼ੋਰਟ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਤਰਨਤਾਰਨ ਤੋਂ ਜਰਮਲ ਸਿੰਘ ਨੇ ਇਸ ਵਿੱਚ ਸ਼ਿਰਕਤ ਕੀਤੀ ਸੀ ਅਤੇ ਜਰਮਲ ਸਿੰਘ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ ਅਤੇ ਇਹ ਤਰਨਤਾਰਨ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *