AAP ਵਿਧਾਇਕ ਲਾਲਪੁਰਾ ਨੂੰ ਹੋਈ ਸਜ਼ਾ, 12 ਸਾਲ ਬਾਅਦ ਆਇਆ ਉਸਮਾ ਮਾਮਲੇ ‘ਚ ਫੈਸਲਾ


ਤਰਨਤਾਰਨ, 12 ਸਤੰਬਰ (ਨਿਊਜ਼ ਟਾਉਨ ਨੈਟਵਰਕ) :
ਅਨੁਸੂਚਿਤ ਜਾਤੀ ਨਾਲ ਸੰਬੰਧਤ ਪਰਿਵਾਰ ਦੀ ਲੜਕੀ ਹਰਬਿੰਦਰ ਕੌਰ ਉਸਮਾਂ (Harbinder Singh Usman) ਨਾਲ ਛੇੜਛਾੜ ਤੇ ਮਾਰਕੁੱਟ ਦੇ ਮਾਮਲੇ ਦਾ ਆਖਿਰਕਾਰ ਫੈਸਲਾ ਅੱਜ ਆ ਗਿਆ। ਵਧੀਕ ਸੈਸ਼ਨ ਜੱਜ ਤਰਨਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਆਖ਼ਰੀ ਸੁਣਵਾਈ ਕਰਦਿਆਂ ਉਸਮਾਂ ਕਾਂਡ ਦੇ ਮੁੱਖ ਮੁਲਜ਼ਮ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕਾਨੂੰਨ ਮੁਤਾਬਕ ਲਾਲਪੁਰਾ ਦੀ ਵਿਧਾਇਕੀ ਜਾਣੀ ਵੀ ਤੈਅ ਹੈ।
3 ਮਾਰਚ 2013 ਨੂੰ ਪਿੰਡ ਉਸਮਾਂ ਨਿਵਾਸੀ ਹਰਬਿੰਦਰ ਕੌਰ ਆਪਣੇ ਪਿਤਾ ਕਸ਼ਮੀਰ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਵਿਆਹ ਸਮਾਗਮ ‘ਚ ਭਾਗ ਲੈਣ ਪੰਜਾਬ ਇੰਟਰਨੈਸ਼ਨਲ ਪੈਲੇਸ ਪਹੁੰਚੀ ਸੀ ਤਾਂ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਵੱਲੋਂ ਹਰਬਿੰਦਰ ਕੌਰ ਨਾਲ ਛੇੜਛਾੜ ਕੀਤੀ ਗਈ। ਵਿਰੋਧ ਕਰਨ ‘ਤੇ ਟੈਕਸੀ ਚਾਲਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਵੀ ਪਰਿਵਾਰ ਵਿਚਕਾਰ ਸੜਕ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਸੀ। ਸੜਕ ਤੋਂ ਲੈ ਕੇ ਸੰਸਦ ਤਕ ਇਹ ਮਾਮਲਾ ਗੂੰਜਿਆਂ ਸੀ। ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲੈ ਕੇ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਸਨ।
ਮੁਲਜ਼ਮ ਟੈਕਸੀ ਚਾਲਕਾਂ ‘ਚੋਂ ਮਨਜਿੰਦਰ ਸਿੰਘ ਲਾਲਪੁਰਾ 2022 ‘ਚ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। 10 ਸਤੰਬਰ ਨੂੰ ਅਦਾਲਤ ਨੇ ਵਿਧਾਇਕ ਲਾਲਪੁਰਾ ਸਮੇਤ ਹੋਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੁਲਿਸ ਹਿਰਾਸਤ ‘ਚ ਲੈਣ ਦੇ ਹੁਕਮ ਦਿੱਤੇ। ਹੁਣ ਵਧੀਕ ਸੈਸ਼ਨ ਜੱਜ ਤਰਨਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਉਸਮਾਂ ਕਾਂਡ ਦੇ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਲਾਲਪੁਰਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ।
ਹਰਬਿੰਦਰ ਕੌਰ ਉਸਮਾਂ ਅਤੇ ਉਸਦੇ ਪਰਿਵਾਰ ਨੇ ਭਾਵੁਕ ਹੋ ਕੇ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਇਨਸਾਫ਼ ਮਿਲਣ ‘ਚ 12 ਸਾਲ ਲੱਗ ਗਏ, ਪਰ ਅੱਜ ਉਹ ਬਹੁਤ ਖੁਸ਼ ਹਨ ਕਿ ਅਦਾਲਤ ਨੇ ਉਨ੍ਹਾਂ ਨੂੰ ਇਨਸਾਫ਼ ਦਿੰਦੇ ਹੋਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਅਪਰਾਧ ਦੀ ਸਜ਼ਾ ਦਿੱਤੀ ਹੈ।