ਘਰ ਆ ਕੇ ਨੌਜਵਾਨ ਦੇ ਲਗਾਇਆ ਨਸ਼ੇ ਦਾ ਟੀਕਾ, ਤੜਫ-ਤੜਫ ਕੇ ਹੋਈ ਮੌਤ


ਤਰਨਤਾਰਨ, 22 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਤੁੜ ’ਚ ਇਕ ਘਰ ਵਿਚ ਆ ਕੇ ਦੋ ਦੋਸਤਾਂ ਵੱਲੋਂ ਕਥਿਤ ਤੌਰ ’ਤੇ ਨੌਜਵਾਨ ਨੂੰ ਨਸ਼ੇ ਦਾ ਟੀਕਾ ਲਗਾਇਆ ਗਿਆ ਪਰ ਡੋਜ਼ ਜਿਆਦਾ ਹੋਣ ਕਾਰਨ ਉਕਤ ਨੌਜਵਾਨ ਦੀ ਹਾਲਤ ਵਿਗੜ ਗਈ। ਜਿਸ ਨੂੰ ਪਰਿਵਾਰ ਵਾਲੇ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਉਸਨੇ ਦਮ ਤੋੜ ਦਿੱਤਾ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਨੌਜਵਾਨ ਨੂੰ ਟੀਕਾ ਲਗਾਉਣ ਵਾਲੇ ਦੋ ਜਣਿਆਂ ਖਿਲਾਫ ਕੇਸ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਪੂਰਨ ਸਿੰਘ ਪੁੱਤਰ ਪਾਲ ਸਿੰਘ ਵਾਸੀ ਤੁੜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲੰਘੀ ਸ਼ਾਮ ਪਿੰਡ ਦੇ ਹੀ ਭੁਪਿੰਦਰ ਸਿੰਘ ਭਿੰਦਾ ਪੁਤੱਰ ਜੋਗਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਮੰਗਾ ਪੁੱਤਰ ਬਖਸ਼ੀਸ਼ ਸਿੰਘ ਸੀਸਾ ਉਨ੍ਹਾਂ ਦੇ ਘਰ ਆਏ ਅਤੇ ਉਸਦਾ ਲੜਕਾ ਚਮਕੌਰ ਸਿੰਘ ਜੋ ਕਮਰੇ ਵਿਚ ਸੀ, ਕੋਲ ਚਲੇ ਗਏ। ਕੁਝ ਦੇਰ ਬਾਅਦ ਉਕਤ ਦੋਵੇਂ ਜਣੇ ਚਲੇ ਗਏ ਤਾਂ ਉਸਨੇ ਆਪਣੇ ਲੜਕੇ ਚਮਕੌਰ ਸਿੰਘ ਨੂੰ ਆਵਾਜ ਦਿੱਤੀ ਪਰ ਉਸਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਹ ਕਮਰੇ ਵਿਚ ਗਿਆ ਤਾਂ ਵੇਖਿਆ ਕਿ ਚਮਕੌਰ ਸਿੰਘ ਕਮਰੇ ਵਿਚ ਪਿਆ ਤੜਫ ਰਿਹਾ ਸੀ। ਜਿਸ ਨੇ ਦੱਸਿਆ ਕਿ ਭਿੰਦਾ ਤੇ ਮੰਗਾ ਨੇ ਉਸ ਨੂੰ ਜਿਆਦਾ ਨਸ਼ੇ ਵਾਲਾ ਟੀਕਾ ਲਗਾ ਦਿੱਤਾ ਹੈ।
ਉਸਨੇ ਦੱਸਿਆ ਕਿ ਸਰਿੰਜ ਵੀ ਉਸਦੇ ਲੜਕੇ ਦੇ ਕੋਲ ਹੀ ਪਈ ਸੀ। ਉਹ ਤੁਰੰਤ ਉਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲੈ ਕੇ ਗਿਆ, ਜਿਥੇ ਉਸਦੇ ਲੜਕੇ ਚਮਕੌਰ ਸਿੰਘ ਦੀ ਮੌਤ ਹੋ ਗਈ। ਇਲਾਕੇ ਨਾਲ ਸਬੰਧਤ ਚੌਂਕੀ ਫਤਿਆਬਾਦ ਦੇ ਇੰਚਾਰਜ ਏਐੱਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਭੰਦਾ ਅਤੇ ਲਵਪ੍ਰੀਤ ਸਿੰਘ ਮੰਗਾ ਨੂੰ ਕੇਸ ਵਿਚ ਨਾਮਜ਼ਦ ਕਰਨ ਦੇ ਨਾਲ ਨਾਲ ਮੰਗਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜਦੋਂਕਿ ਭਿੰਦਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।