ਲੋਕਾਂ ਨੂੰ ਵਾਟਰ ਬੌਰਨ ਬਿਮਾਰੀਆਂ ਤੋਂ ਬਚਾਉਣ ਲਈ ਕੱਢੀ ਨਵੇਕਲੀ ਝਾਂਕੀ


– ਸਿਹਤ ਵਿਭਾਗ ਨੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ‘ਤੇ ਪੇਸ਼ ਕੀਤੀ ਸ਼ਾਨਦਾਰ ਝਾਕੀ
ਨਵਾਂਸ਼ਹਿਰ, 16 ਅਗਸਤ (ਮਨੋਰੰਜਨ ਕਾਲੀਆ ) : ਇਸ ਝਾਕੀ ਵਿਚ ਦਿਖਾਇਆ ਗਿਆ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਰਹਿਨੁਮਾਈ ਹੇਠ “ਪੰਜਾਬ ਸਰਕਾਰ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਪੀੜਤਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾ ਕੇ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਅਤੇ ਆਮ ਲੋਕਾਂ ਨੂੰ ਵਾਟਰ ਬੌਰਨ ਬਿਮਾਰੀਆਂ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਿਹਤ ਸਿੱਖਿਆ, ਟੈਸਟਿੰਗ, ਇਲਾਜ ਪ੍ਰਬੰਧਨ ਤੇ ਫਾਲੋਅੱਪ ਆਦਿ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਝਾਕੀ ਵਿਚ ਦਿਖਾਇਆ, ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋ ਬਾਹਰ ਕੱਢਣ ਲਈ ਜ਼ਿਲ੍ਹੇ ਦੇ ਨਸ਼ਾ ਮੁਕਤੀ ਕੇਂਦਰਾਂ ਵਿਚ ਦਵਾਈ ਖਵਾ ਕੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਮਾਹਿਰ ਕੌਸਲਰਾਂ ਵੱਲੋਂ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਵਿੱਚ ਮੱਦਦ ਕੀਤੀ ਜਾ ਰਹੀ ਹੈ। ਇਸ ਝਾਕੀ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਸਿਹਤ ਵਿਭਾਗ ਵੱਲੋਂ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਪਣੇ ਹਿੱਸੇ ਦੇ ਕੰਮਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਹੋਏ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪਾਣੀ ਦੇ ਵੱਖ-ਵੱਖ ਸਰੋਤਾਂ ਤੋਂ ਸੈਂਪਲ ਲੈ ਕੇ ਲਗਾਤਾਰ ਟੈਸਟਿੰਗ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਓ.ਆਰ.ਐੱਸ. ਦੇ ਪੈਕੇਟ ਅਤੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਦੂਸ਼ਿਤ ਪਾਣੀ ਤੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਦੂਸ਼ਿਤ ਪਾਣੀ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਆਈ.ਈ.ਸੀ./ਬੀ.ਸੀ.ਸੀ. ਸਮੱਗਰੀ ਵੀ ਵੰਡੀ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਵਿਚ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ।

ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਝਾਕੀ ਬਣਾਉਣ ਵਿੱਚ ਤਾਇਨਾਤ ਸਹਾਇਕ ਸਿਵਲ ਸਰਜਨ ਡਾ. ਬਲਬੀਰ ਕੁਮਾਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਨਿਰਮਲ ਸਿੰਘ, ਹਰਪ੍ਰੀਤ ਸਿੰਘ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਝਾਕੀ ਰਾਹੀਂ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰ ਇਲਾਜ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਉਹ ਇਨ੍ਹਾਂ ਸਿਹਤ ਸਹੂਲਤਾਂ ਦਾ ਵੱਧ ਤੋੰ ਵੱਧ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੰਭਾਲ ਖੇਤਰ ਵਿਚ ਸਫਲਤਾ ਦੀ ਨਵੀਂ ਕਹਾਣੀ ਲਿਖ ਰਹੀ ਹੈ।