ਜੰਮੂ ਵਿਖੇ ਚੋਰੀ ਦੇ ਮੁਲਜ਼ਮ ਨੂੰ ਜੁੱਤੀਆਂ ਦਾ ਹਾਰ ਪਾਇਆ

ਪੁਲਿਸ ਗੱਡੀ ਦੇ ਬੋਨਟ ਉਤੇ ਬਿਠਾ ਕੇ ਘੁਮਾਇਆ

(ਨਿਊਜ਼ ਟਾਊਨ ਨੈਟਵਰਕ)
ਜੰਮੂ, 25 ਜੂਨ : ਜੰਮੂ ਵਿਚ ਇਕ ਚੋਰੀ ਦੇ ਮੁਲਜ਼ਮ ਨੂੰ ਜੁੱਤੀਆਂ ਦਾ ਹਾਰ ਪਾ ਕੇ ਸੜਕ ‘ਤੇ ਘੁਮਾਉਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ, ਕੁਝ ਪੁਲਿਸ ਕਰਮਚਾਰੀ ਮੁਲਜ਼ਮ ਨੂੰ ਪੁਲਿਸ ਵਾਹਨ ਦੇ ਬੋਨਟ ‘ਤੇ ਬਿਠਾਉਂਦੇ ਦਿਖਾਈ ਦੇ ਰਹੇ ਹਨ। ਉਥੇ ਮੌਜੂਦ ਲੋਕ ਮੁਲਜ਼ਮ ਦੀ ਇਸ ਹਾਲਤ ਲਈ ਪੁਲਿਸ ਦੀ ਪ੍ਰਸ਼ੰਸਾ ਕਰਦੇ ਵੀ ਦਿਖਾਈ ਦਿਤੇ।
ਵੀਡੀਉ ਵਿਚ ਦਿਖਾਈ ਦੇਣ ਵਾਲੇ ਵਿਅਕਤੀ ‘ਤੇ ਇਕ ਮਰੀਜ਼ ਦੇ ਸਹਾਇਕ ਨੂੰ ਲੁੱਟਣ ਦਾ ਦੋਸ਼ ਹੈ। ਉਸ ਨੂੰ ਸ਼ਹਿਰ ਦੇ ਇਕ ਹਸਪਤਾਲ ਦੇ ਬਾਹਰ ਫੜਿਆ ਗਿਆ। ਬਾਅਦ ਵਿਚ ਲੋਕਾਂ ਨੇ ਉਸ ਦੇ ਹੱਥ ਬੰਨ੍ਹ ਦਿਤੇ ਅਤੇ ਉਸ ਦੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਸੜਕਾਂ ‘ਤੇ ਘੁਮਾਇਆ। ਹਾਲਾਂਕਿ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਜੰਮੂ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਜੋਗਿੰਦਰ ਸਿੰਘ ਨੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿਤੇ ਹਨ। ਜੋਗਿੰਦਰ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਕਾਰਵਾਈ ਗ਼ੈਰ-ਪੇਸ਼ੇਵਰ ਅਤੇ ਅਣਉਚਿਤ ਸੀ। ਬਖ਼ਸ਼ੀ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ, ਜਿਸ ਦੀ ਨਿਗਰਾਨੀ ਹੇਠ ਇਹ ਘਟਨਾ ਵਾਪਰੀ, ਨੇ ਕਿਹਾ ਕਿ ਮੁਲਜ਼ਮ ਇਕ ਬਦਨਾਮ ਅਪਰਾਧੀ ਹੈ ਅਤੇ ਇਕ ਗਿਰੋਹ ਦਾ ਹਿੱਸਾ ਹੈ ਜਿਸ ਨੂੰ ਹਾਲ ਹੀ ਵਿਚ ਫੜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨਸ਼ੇ ‘ਚ ਸੀ ਅਤੇ ਝਗੜੇ ਅਤੇ ਦੂਰ ਤਕ ਪਿੱਛਾ ਕਰਨ ਤੋਂ ਬਾਅਦ ਫੜਿਆ ਗਿਆ। ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਪਣੇ ਮਰੀਜ਼ ਲਈ ਦਵਾਈਆਂ ਖ਼ਰੀਦਦੇ ਸਮੇਂ 40,000 ਰੁਪਏ ਦੀ ਲੁੱਟ ਦਾ ਸ਼ਿਕਾਰ ਹੋਣ ਵਾਲੇ ਇਕ ਵਿਅਕਤੀ ਨੇ ਸ਼ਹਿਰ ਦੇ ਇਕ ਹਸਪਤਾਲ ਦੇ ਬਾਹਰ ਮੁਲਜ਼ਮ ਨੂੰ ਪਛਾਣ ਲਿਆ ਅਤੇ ਉਸ ਨਾਲ ਭਿੜ ਗਿਆ।ਮੁਲਜ਼ਮ ਨੇ ਉਸ ਵਿਅਕਤੀ ‘ਤੇ ਚਾਕੂ ਨਾਲ ਹਮਲਾ ਕਰ ਦਿਤਾ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਖੁਦ ਭੱਜਣ ਦੀ ਕੋਸ਼ਿਸ਼ ਕੀਤੀ।ਇਲਾਕੇ ਵਿਚ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਾਬੂ ਕਰ ਲਿਆ। ਫੜੇ ਜਾਣ ਤੋਂ ਬਾਅਦ ਮੁਲਜ਼ਮ ਦੇ ਹੱਥ ਬੰਨ੍ਹੇ ਹੋਏ ਸਨ ਅਤੇ ਉਸ ਦਾ ਪਿੱਛਾ ਕਰ ਰਹੇ ਕੁਝ ਸਥਾਨਕ ਲੋਕਾਂ ਨੇ ਉਸ ਨੂੰ ਜੁੱਤੀਆਂ ਦਾ ਹਾਰ ਪਾਇਆ।