ਲੰਦਨ ’ਚ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧੀ ਇਕ ਚਿੱਤਰ 11 ਕਰੋੜ ’ਚ ਹੋਇਆ ਨੀਲਾਮ


ਸਿੱਖ ਕਲਾ ਦੇ ਖੇਤਰ ’ਚ ਹੁਣ ਤਕ ਦਾ ਸਭ ਤੋਂ ਵੱਡਾ ਰਿਕਾਰਡ
ਟੀਪੂ ਸੁਲਤਾਨ ਦੀਆਂ ਦੋ ਪਿਸਤੌਲਾਂ ਵੀ 12 ਕਰੋੜ ’ਚ ਹੋਈਆਂ ਨੀਲਾਮ
ਲੰਦਨ, 1 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਲੰਦਨ ’ਚ ਸੋਥਬੀਜ਼ ਨੀਲਾਮੀ ਘਰ ਦੇ ‘ਆਰਟਸ ਆਫ਼ ਦਿ ਇਸਲਾਮਿਕ ਵਰਲਡ ਐਂਡ ਇੰਡੀਆ’ ਨੀਲਾਮੀ ਦੌਰਾਨ ਭਾਰਤ ਨਾਲ ਜੁੜੀਆਂ ਕਈ ਇਤਿਹਾਸਕ ਵਸਤਾਂ ਦੀ ਨੀਲਾਮੀ ਹੋਈ ਤੇ ਕਈ ਨਵੇਂ ਰਿਕਾਰਡ ਬਣੇ ਜਿਸ ’ਚ ਕੁੱਲ ਇਕ ਕਰੋੜ ਪੌਂਡ ਤੋਂ ਵੱਧ ਦੀ ਰਕਮ ਇਕੱਠੀ ਹੋਈ। ਇਸ ਨਿਲਾਮੀ ਵਿਚ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਕ ਲਗਭਗ 11 ਕਰੋੜ ਰੁਪਏ ਤੋਂ ਵੱਧ ’ਚ ਵਿਕਿਆ। ਇਹ ਸਿੱਖ ਕਲਾ ਦੇ ਖੇਤਰ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਚਿੱਤਰਕਾਰ ਸ. ਬਿਸ਼ਨ ਸਿੰਘ ਵੱਲੋਂ ਬਣਾਈ ਗਈ ਇਸ ਕਲਾਕ੍ਰਿਤੀ ’ਚ ਮਹਾਰਾਜਾ ਰਣਜੀਤ ਸਿੰਘ ਹਾਥੀ ’ਤੇ ਸਵਾਰ ਹਨ ਅਤੇ ਉਨ੍ਹਾਂ ਨੂੰ ਉਸ ਸਮੇਂ ਦੀ ਰਾਜਧਾਨੀ ਲਾਹੌਰ ਦੇ ਬਾਜ਼ਾਰ ’ਚੋਂ ਇਕ ਜਲੂਸ ਦੀ ਸ਼ਕਲ ’ਚ ਜਾਂਦੇ ਹੋਏ ਦਰਸਾਇਆ ਗਿਆ ਹੈ। ਤਸਵੀਰ ’ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੁੱਤਰ ਸ਼ੇਰ ਸਿੰਘ, ਭਾਈ ਰਾਮ ਸਿੰਘ, ਰਾਜਾ ਗੁਲਾਬ ਸਿੰਘ ਤੇ ਹੋਰ ਦਰਬਾਰੀ ਵੀ ਸ਼ਾਮਿਲ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਦੂਸਰੀ ਵਸਤੂ ਦੀ ਹੋਈ ਨੀਲਾਮੀ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ ਬਣਾਈਆਂ ਗਈਆਂ ਚਾਂਦੀ ਨਾਲ ਜੁੜੀਆਂ ਫÇਲੰਟਲਾਕ ਪਿਸਤੌਲਾਂ ਦੀ ਜੋੜੀ ਕਰੀਬ 12 ਕਰੋੜ (11 ਲੱਖ ਪੌਂਡ) ’ਚ ਇਕ ਨਿੱਜੀ ਸੰਗ੍ਰਹਿ ਕਰਤਾ ਨੇ ਖਰੀਦੀਆਂ, ਜੋ ਇਸ ਦੀ ਅਨੁਮਾਨਿਤ ਕੀਮਤ ਤੋਂ ਲਗਭਗ 14 ਗੁਣਾ ਜ਼ਿਆਦਾ ਕਿਆਸੀਆਂ ਗਈਆਂ ਹਨ। ਇਹ ਪਿਸਤੌਲਾਂ 1799 ’ਚ ਈਸਟ ਇੰਡੀਆ ਕੰਪਨੀ ਵੱਲੋਂ ਸ੍ਰੀਰੰਗਾਪਟਨਮ ਦੀ ਲੜਾਈ ਦੌਰਾਨ ਟੀਪੂ ਸੁਲਤਾਨ ਦੇ ਖਜ਼ਾਨੇ ਤੋਂ ਹਾਸਲ ਕੀਤੀਆਂ ਗਈਆਂ ਸਨ। ਟੀਪੂ ਸੁਲਤਾਨ ਨਾਲ ਸਬੰਧਤ ਇਕ ਹੋਰ ਚਾਂਦੀ ਨਾਲ ਜੜੀ ਬੰਦੂਕ ‘ਬਲੰਡਰਬਸ’ ਜਾਂ ‘ਬੁਕਮਾਰ’ ਵੀ 5 ਲੱਖ 71 ਹਜ਼ਾਰ 500 ਪੌਂਡ (ਸਾਢੇ 6 ਕਰੋੜ ਰੁਪਏ ਤੋਂ ਵੱਧ) ’ਚ ਨੀਲਾਮ ਹੋਈ। ਇਸ ਤੋਂ ਇਲਾਵਾ ਮੁਗਲ ਬਾਦਸ਼ਾਹ ਅਕਬਰ ਦੀ ਲਾਇਬ੍ਰੇਰੀ ਤੋਂ ਮਿਲੀ 16ਵੀਂ ਸਦੀ ਦੀ ਇਕ ਕੁਰਾਨ ਪਾਂਡੁਲਿਪੀ 8 ਲੱਖ 63 ਹਜਾਰ 600 ਪੌਂਡ (10 ਕਰੋੜ ਰੁਪਏ ਤੋਂ ਵੱਧ) ’ਚ ਵੇਚੀ ਗਈ। ਇਸ ਨਿਲਾਮੀ ’ਚ ਭਾਰਤ ਨਾਲ ਜੁੜੀਆਂ ਹੋਰ ਕਈ ਵਸਤਾਂ ਵੀ ਸ਼ਾਮਲ ਸਨ। ਜਿਵੇਂ ਕਿ 52 ਭਾਰਤੀ ਪਹਿਰਾਵਿਆਂ ਦੀਆਂ ਤਸਵੀਰਾਂ ਵਾਲਾ ਇਕ ਐਲਬਮ ਸੈਟ ਜੋ 6 ਲੱਖ 9 ਹਜ਼ਾਰ 600 ਪੌਂਡ (7 ਕਰੋੜ ਰੁਪਏ ਤੋਂ ਵੱਧ) ’ਚ ਵਿਕਿਆ। ਇਕ ਜੜਾਊ ਖੰਜ਼ਰ ਤੇ 17ਵੀਂ ਸਦੀ ਦੀ ‘ਝੀਲ ’ਚ ਖੇਡਦੇ ਹਾਥੀ’ ਦੀ ਪੇਂਟਿੰਗ ਵੀ ਉੱਚੇ ਮੁੱਲ ’ਤੇ ਨੀਲਾਮ ਹੋਈਆਂ। ਸੋਥਬੀਜ਼ ਅਨੁਸਾਰ ਇਸ ਹਫ਼ਤੇ ਦੀ ਨੀਲਾਮੀ ’ਚ 25 ਦੇਸ਼ਾਂ ਦੇ ਖ਼ਰੀਦਦਾਰਾਂ ਨੇ ਹਿੱਸਾ ਲਿਆ ਤੇ 20 ਫ਼ੀਸਦੀ ਖ਼ਰੀਦਦਾਰ ਨਵੇਂ ਸਨ। ਆਪਣੇ ਸਮੇਂ ਦੇ ਉਘੇ ਚਿੱਤਰਕਾਰ ਸਨ ਬਿਸ਼ਨ ਸਿੰਘ : ਸ. ਬਿਸ਼ਨ ਸਿੰਘ ਜਿਨ੍ਹਾਂ ਨੂੰ ਬਾਬਾ ਬਿਸ਼ਨ ਸਿੰਘ ਵੀ ਕਿਹਾ ਜਾਂਦਾ ਹੈ, ਆਪਣੇ ਸਮੇਂ ਦੇ ਪ੍ਰਸਿੱਧ ਸਿੱਖ ਚਿੱਤਰਕਾਰ ਸਨ, ਜਿਨ੍ਹਾਂ ਆਪਣੇ ਜੀਵਨ ਦੌਰਾਨ ਚਿੱਤਰਕਾਰੀ ਰਾਹੀਂ ਉਚ ਪ੍ਰਸ਼ੰਸਾ ਪ੍ਰਾਪਤ ਕੀਤੀ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ’ਚੋਂ ਬਹੁਤ ਸਾਰੀਆਂ ਸਿੱਖ ਸਾਮਰਾਜ ਦੇ ਦ੍ਰਿਸ਼ਾਂ ਤੇ ਉਸ ਯੁੱਗ ਦੀਆਂ ਪ੍ਰਮੁੱਖ ਹਸਤੀਆਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਨੀਲਾਮੀ ਦੌਰਾਨ ਵੱਡੀ ਰਕਮ ’ਚ ਵਿਕੀਆਂ ਹਨ। ਸ.ਬਿਸ਼ਨ ਸਿੰਘ ਦਾ ਜਨਮ 1836 ਵਿਚ ਰਾਮਗੜ੍ਹੀਆ ਪਰਿਵਾਰ ’ਚ ਹੋਇਆ, ਜੋ ਲਾਹੌਰ ਤੇ ਅੰਮ੍ਰਿਤਸਰ ’ਚ ਕੰਮ ਕਰਦੇ ਸਨ। ਉਨ੍ਹਾਂ ਦਾ ਇਕ ਭਰਾ ਕਿਸ਼ਨ ਸਿੰਘ ਵੀ ਇਕ ਕਲਾਕਾਰ ਸੀ। ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ਨੂੰ ਸਜਾਉਣ ਵਾਲੇ ਕੰਧ-ਚਿੱਤਰਾਂ ਤੇ ਨਮੂਨੇ ਬਣਾਉਣ ਲਈ ਜਾਣਿਆ ਜਾਂਦਾ ਹੈ। ਬਿਸ਼ਨ ਸਿੰਘ ਉਘੇ ਸਿੱਖ ਚਿੱਤਰਕਾਰ ਕੇਹਰ ਸਿੰਘ ਦੇ ਭਤੀਜੇ ਤੇ ਵਿਦਿਆਰਥੀ ਸਨ। ਸ. ਬਿਸ਼ਨ ਸਿੰਘ ਦੇ 2 ਪੁੱਤਰ ਨਿਹਾਲ ਸਿੰਘ ਤੇ ਜਵਾਹਰ ਸਿੰਘ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਚਿੱਤਰਕਾਰ ਹੀ ਬਣੇ। ਜ਼ਿਕਰਯੋਗ ਹੈ ਕਿ 1866 ’ਚ ਲਾਹੌਰ ਵਿਖੇ ਹੋਈ ਕਲਾ ਤੇ ਸ਼ਿਲਪਕਾਰੀ ਪ੍ਰਦਰਸ਼ਨੀ ’ਚ ਸ. ਬਿਸ਼ਨ ਸਿੰਘ ਦੀਆਂ 10 ਰਚਨਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਸ. ਬਿਸ਼ਨ ਸਿੰਘ ਦੀਆਂ ਬਚੀਆਂ ਹੋਈਆਂ ਰਚਨਾਵਾਂ ਕਈ ਵਾਰ ਨੀਲਾਮ ਹੋ ਚੁੱਕੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਉਨ੍ਹਾਂ ਵੱਲੋਂ ਬਣਾਇਆ ਇਕ ਚਿੱਤਰ 2022 ’ਚ ਕ੍ਰਿਸਟੀਜ਼ ਲੰਡਨ ਨਿਲਾਮੀ ’ਚ 580,021 ਅਮਰੀਕੀ ਡਾਲਰ ’ਚ ਵਿਕਿਆ।
