ਦਿੜ੍ਹਬਾ ਦੇ ਵਿਅਕਤੀ ਨੇ ਕੇਬੀਸੀ ‘ਚ ਅਮਿਤਾਬ ਨਾਲ ਪਾਇਆ ਭੰਗੜਾ, ਜਿੱਤਿਆ 25 ਲੱਖ


ਸੰਗਰੂਰ, 12 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਜਦੋਂ ਮਨੁੱਖ ਦੇ ਅੰਦਰ ਕੁੱਝ ਕਰਨ ਦੀ ਰੁੱਚੀ ਹੋਵੇ ਅਤੇ ਮਨ ਅੰਦਰ ਦ੍ਰਿੜ ਇਰਾਦਾ ਹੋਵੇ ਤਾਂ ਉਹ ਕੋਈ ਵੀ ਸੁਪਨਾ ਪੂਰਾ ਕਰ ਸਕਦਾ ਹੈ। ਇਹ ਕਰ ਵਿਖਾਇਆ ਸੰਗਰੂਰ ਜਿਲ੍ਹੇ ਦੇ ਰਾਸ਼ਟਰੀ ਮਾਰਗ ‘ਤੇ ਵਸੇ ਪਿੰਡ ਖੇਤਲਾ ਦੇ ਇਕ ਵਿਅਕਤੀ ਮਾਨਵਪ੍ਰੀਤ ਸਿੰਘ ਖਟਰਾਓ ਨੇ ਕੌਣ ਬਣੇਗਾ ਕਰੋੜਪਤੀ ਜਿਹੇ ਦੁਨੀਆ ਦੇ ਮਹਾਨ ਸੈਲੀਬ੍ਰਿਟੀ ਸ਼ੋਅ ਵਿੱਚ ਹਾਟ ਸੀਟ ਉਤੇ ਬੈਠ ਕੇ ਅਮਿਤਾਭ ਬਚਨ ਦੇ ਸਵਾਲਾਂ ਦੇ ਜਵਾਬ ਦੇ ਕੇ। ਮਾਨਵਪ੍ਰੀਤ ਸਿੰਘ ਖਟਰਾਓ ਜਿਸ ਨੂੰ ਪਿੰਡ ਵਾਲੇ ਮਨੀ ਨਾਮ ਨਾਲ ਜਾਣਦੇ ਹਨ ਉਹ ਅੱਜਕੱਲ ਲਖਨਊ ਵਿਖੇ ਨਾਬਾਰਡ ਬੈਂਕ ਵਿੱਚ ਨੌਕਰੀ ਕਰ ਰਹੇ ਹਨ ਅਤੇ ਪਰਿਵਾਰ ਸਮੇਤ ਉਥੇ ਹੀ ਰਹਿ ਰਹੇ ਹਨ।
ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਜਵਾਨ ਹੋਏ ਅਤੇ ਆਪਣੀ ਮੁੱਢਲੀ ਸਿਖਿਆ ਸੰਗਰੂਰ ਤੋਂ ਪ੍ਰਾਪਤ ਕੀਤੀ। ਉਸ ਦਾ ਪਿਤਾ ਕੌਰ ਸਿੰਘ ਕੋਅਪਰੇਟਿਵ ਬੈਂਕ ਵਿੱਚ ਬਤੌਰੇ ਜੁਆਇੰਤ ਰਜਿਸਟਰਾਰ ਸੇਵਾ ਮੁਕਤ ਹੋਏ। ਉਸ ਦੇ ਕਿਹਾ ਕਿ ਉਹ 2005 ਤੋਂ ਕੇਬੀਸੀ ਵਿੱਚ ਅਮਿਤਾਭ ਦੇ ਸਾਹਮਣੇ ਹਾਟ ਸੀਟ ਉਤੇ ਬੈਠਣ ਦਾ ਸੁਪਨਾ ਲੈ ਕੇ ਬੈਠੇ ਸਨ। ਹਰ ਸਾਲ ਕੇਬੀਸੀ ਵਿੱਚ ਆਉਣ ਲਈ ਮਿਹਨਤ ਕਰਦੇ ਰਹੇ ਪਰ ਇਸ ਨਾਲ ਕੇਬੀਸੀ ਦੇ ਸਿਲਵਰ ਜੁਬਲੀ ਐਪੀਸੋਡ ਉਤੇ ਸ਼ਾਨਦਾਰ ਐਂਟਰੀ ਕੀਤੀ। ਉਸ ਨੇ ਪਹਿਲੀ ਵਾਰ ਕਿਸੇ ਵੀ ਪੰਜ ਸਵਾਲਾਂ ਦੇ ਜਵਾਬ ਆਪਸ਼ਨ ਬੋਲਣ ਤੋਂ ਪਹਿਲਾਂ ਹੀ ਦੇ ਕੇ ਕੇਬੀਸੀ ਦਾ ਰਿਕਾਰਡ ਬਣਾਇਆ ਹੈ। ਸੰਗਰੂਰ ਕੈਂਸਰ ਹਪਸਤਾਲ ਅੱਗੇ ਲੰਗਰ ਲਾਉਣ ਵਾਲਿਆ ਦੀ ਟੀਮ ਦਾ ਮੋਹਰੀ ਮਾਨਵਪ੍ਰੀਤ ਸਿੰਘ ਮਾਨਵਤਾ ਦਾ ਸੇਵਾ ਲਈ ਹਮੇਸ਼ਾ ਅੱਗੇ ਰਿਹਾ।
ਮਾਨਵਪ੍ਰੀਤ ਸਿੰਘ ਨੇ ਪਿੰਡ ਲਈ ਮਾਣ ਵਾਲਾ ਕੰਮ ਕੀਤਾ ਹੈ– ਪਿੰਡ ਵਾਸੀ
ਮਾਨਵਪ੍ਰੀਤ ਸਿੰਘ ਵੱਲੋਂ ਕੇਬੀਸੀ ਪਿੰਡ ਅਮਿਤਾਬ ਬਚਨ ਦੇ ਸਾਹਮਣੇ ਹਾਟ ਸੀਟ ਉਤੇ ਬੈਠ ਕੇ ਸਵਾਲਾਂ ਦੇ ਜਵਾਬ ਦੇਣ ਸਮੇਂ ਦੇ ਦ੍ਰਿਸ਼ ਨੂੰ ਸਾਰੇ ਪਿੰਡ ਵਾਸੀਆਂ ਨੇ ਹਰ ਘਰ ਵਿੱਚ ਟੀਵੀ ਸਾਹਮਣੇ ਬੈਠ ਕੇ ਵੇਖਿਆ ਹੈ। ਮਾਨਵਪ੍ਰੀਤ ਸਿੰਘ ਦੇ ਤਾਇਆ ਦੇ ਪੁੱਤਰ ਗੁਰਮੀਤ ਸਿੰਘ, ਸਰਪੰਚ ਸੰਦੀਪ ਸਿੰਘ ਅਤੇ ਫੌਜੀ ਗੁਰਮੀਤ ਸਿੰਘ ਨੇ ਕਿਹਾ ਕਿ ਜਦੋਂ ਮਾਨਵਪ੍ਰੀਤ ਸਿੰਘ ਹਾਟ ਸੀਟ ਉਤੇ ਬੈਠਾ ਸੀ ਤਾਂ ਉਸ ਸਮੇਂ ਸਾਰਾ ਪਿੰਡ ਹੀ ਹਾਟ ਸੀਟ ਉਤੇ ਬੈਠਾ ਮਹਿਸੂਸ ਕਰਕੇ ਮਾਣ ਕਰ ਰਿਹਾ ਸੀ। ਇਸ ਨਾਲ ਪਿੰਡ ਖੇਤਲਾ ਦੇ ਨਾਲ ਇਲਾਕੇ ਦੀ ਨਾਮ ਉਚਾ ਹੋਇਆ ਹੈ। ਸ਼ੁਰੂ ਤੋਂ ਹੀ ਕਿਤਾਬਾਂ ਨਾਲ ਜੁੜੇ ਰਹਿਣਾ ਅਤੇ ਹਮੇਸ਼ਾ ਕੁੱਝ ਸਿੱਖਣ ਦੀ ਰੁਚੀ ਰੱਖਣ ਵਾਲੇ ਮਨੀ ਨੇ ਉਨਾਂ ਦੇ ਪਿੰਡ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਦਿਤਾ ਹੈ।
ਅਮਿਤਾਭ ਬਚਨ ਨਾਲ ਜਦੋਂ ਮਾਨਵਪ੍ਰੀਤ ਸਿੰਘ ਭੰਗੜਾ ਪਾ ਰਿਹਾ ਸੀ ਤਾਂ ਉਸ ਸਮੇਂ ਸਾਰਾ ਪਿੰਡ ਵੀ ਖੁਸ਼ੀ ਨਾਲ ਨੱਚ ਰਿਹਾ ਸੀ। ਬੇਸ਼ੱਕ ਉਹ ਕੁੱਝ ਸਮੇਂ ਤੋਂ ਪਿੰਡ ਨਹੀਂ ਰਿਹ ਰਹੇ ਪਰ ਹਰ ਸਮੇਂ ਲੋੜ ਪੈਣ ਉਤੇ ਆਪਣੇ ਜੱਦੀ ਘਰ ਆਉਂਦੇ ਹਨ ਅਤੇ ਜ਼ਮੀਨ ਦਾ ਦੇਖਭਾਲ ਵੀ ਖੁਦ ਹੀ ਕਰਦੇ ਹਨ।
