12ਵੀਂ ਜਮਾਤ ਦੇ ਵਿਦਿਆਰਥੀ ਨੇ ਲਿਆ ਫਾਹਾ !


ਖੰਨਾ, 14 ਅਗਸਤ (ਨਿਊਜ਼ ਟਾਊਨ ਨੈਟਵਰਕ) :
ਖੰਨਾ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਯੋਗੇਸ਼ ਮਲਿਕ ਉਰਫ਼ ਲੱਕੀ (17) ਵਾਸੀ ਵਿਨੋਦ ਨਗਰ ਖੰਨਾ ਵਜੋਂ ਹੋਈ ਹੈ। ਮ੍ਰਿਤਕ ਦੀ ਭੂਆ ਸੁਮਨ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦਫ਼ਤਰ ਤੋਂ ਲੰਚ ਕਰਨ ਲਈ ਘਰ ਆਈ ਸੀ। ਉਸ ਨੂੰ ਛੱਡਣ ਤੋਂ ਬਾਅਦ ਯੋਗੇਸ਼ ਆਪਣੀ ਛੋਟੀ ਭੈਣ ਨੂੰ ਲੈਣ ਸਕੂਲ ਚਲਾ ਗਿਆ। ਜਿਸ ਤੋਂ ਬਾਅਦ ਵਾਪਸ ਆ ਕੇ ਯੋਗੇਸ਼ ਆਪਣੇ ਕਮਰੇ ਵਿੱਚ ਚਲਾ ਗਿਆ। ਸ਼ਾਮ ਨੂੰ ਵੇਖਿਆ ਤਾਂ ਉਹ ਪੱਖੇ ਨਾਲ ਲਟਕ ਰਿਹਾ ਸੀ। ਉਧਰ ਗੁਆਂਢੀ ਰਾਮ ਦਿੱਤ ਨੇ ਦੱਸਿਆ ਕਿ ਯੋਗੇਸ਼ ਨੇ ਕਦੇ ਕਿਸੇ ਨਾਲ ਇਹ ਗੱਲ ਨਹੀਂ ਕੀਤੀ ਕਿ ਉਸ ਨੂੰ ਕੋਈ ਸਮੱਸਿਆ ਹੈ।
ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਸ ਨੇ ਇਹ ਕਦਮ ਚੁੱਕਿਆ। ਉਸ ਦੇ ਪਿਤਾ ਵਿਨੋਦ ਮਲਿਕ ਆਟੋ ਚਲਾਉਣ ਦੇ ਨਾਲ-ਨਾਲ ਕਿਰਾਣੇ ਦੀ ਦੁਕਾਨ ਵੀ ਕਰਦੇ ਹਨ। ਪਸ਼ੂ ਵੀ ਪਾਲੇ ਹੋਏ ਹਨ। ਉਨ੍ਹਾਂ ਦੇ ਨਾਲ ਯੋਗੇਸ਼ ਵੀ ਹੱਥ ਬਟਾਉਂਦਾ ਸੀ। ਯੋਗੇਸ਼ ਦੀ 13 ਸਾਲ ਦੀ ਭੈਣ ਅਤੇ 7 ਸਾਲ ਦਾ ਭਰਾ ਵੀ ਹੈ। ਛੋਟਾ ਭਰਾ ਹੀ ਕਮਰੇ ਵਿੱਚ ਵੇਖਣ ਗਿਆ ਤਾਂ ਯੋਗੇਸ਼ ਪੱਖੇ ਨਾਲ ਲਟਕ ਰਿਹਾ ਸੀ। ਉਧਰ ਸਿਵਲ ਹਸਪਤਾਲ ਦੀ ਡਾ. ਫ੍ਰੈਂਕੀ ਨੇ ਦੱਸਿਆ ਕਿ ਉਨ੍ਹਾਂ ਕੋਲ ਯੋਗੇਸ਼ ਨੂੰ ਮ੍ਰਿਤ ਅਵਸਥਾ ਵਿੱਚ ਲਿਆਂਦਾ ਗਿਆ ਸੀ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸਿਟੀ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।