ਇਰਾਨ-ਇਜ਼ਰਾਈਲ ਨੇ ਮਚਾਈ ਤਬਾਹੀ, 100 ਤੋਂ ਵੱਧ ਲੋਕ ਜ਼ਖਮੀ


ਤਹਿਰਾਨ, 16 ਜੂਨ (ਨਿਊਜ਼ ਟਾਊਨ ਨੈਟਵਰਕ) : ਇਰਾਨ ਤੇ ਇਜ਼ਰਾਈਲ ਵਿਚਾਲੇ ਲੜਾਈ ਤਿੱਖੀ ਹੁੰਦੀ ਜਾ ਰਹੀ ਹੈ। ਲਗਾਤਾਰ ਚੌਥੇ ਦਿਨ ਦੋਵੇਂ ਮੁਲਕ ਇਕ-ਦੂਜੇ ਉਪਰ ਤਾਬੜਤੋੜ ਹਮਲੇ ਕਰ ਰਹੇ ਹਨ। ਇਜ਼ਰਾਈਲ ਨੇ ਐਤਵਾਰ ਰਾਤ ਨੂੰ ਇਰਾਨ ਦੇ ਵਿਦੇਸ਼ ਮੰਤਰਾਲੇ ‘ਤੇ ਹਮਲਾ ਕੀਤਾ।
ਇਸ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਤੋਂ ਇਕ ਦਿਨ ਪਹਿਲਾਂ ਇਜ਼ਰਾਈਲੀ ਫੌਜ ਨੇ ਇਰਾਨੀ ਰੱਖਿਆ ਮੰਤਰਾਲੇ ‘ਤੇ ਹਮਲਾ ਕੀਤਾ ਸੀ। ਇਰਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਇਜ਼ਰਾਈਲੀ ਹਮਲਿਆਂ ਵਿਚ 224 ਲੋਕ ਮਾਰੇ ਗਏ ਹਨ, ਜਦੋਂਕਿ 1,277 ਤੋਂ ਵੱਧ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਸਮੂਹ ਨੇ ਦਾਅਵਾ ਕੀਤਾ ਹੈ ਕਿ ਇਰਾਨ ਵਿਚ 406 ਲੋਕ ਮਾਰੇ ਗਏ ਹਨ।
ਇਰਾਨ ਨੇ ਇਜ਼ਰਾਈਲ ਵਿਰੁੱਧ ਤਿੱਖੀ ਜਵਾਬੀ ਕਾਰਵਾਈ ਕੀਤੀ ਹੈ। ਇਰਾਨ ਨੇ ਸੋਮਵਾਰ ਸਵੇਰੇ ਮੱਧ ਇਜ਼ਰਾਈਲ ‘ਤੇ 4 ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਵਿਚ 5 ਲੋਕਾਂ ਦੀ ਮੌਤ ਹੋ ਗਈ ਜਦੋਂਕਿ 90 ਜ਼ਖਮੀ ਹੋਏ। ਇਜ਼ਰਾਈਲ ਵਿਚ ਇਰਾਨੀ ਹਮਲਿਆਂ ਵਿਚ ਹੁਣ ਤੱਕ 20 ਲੋਕ ਮਾਰੇ ਗਏ ਹਨ, ਜਦੋਂ ਕਿ ਲਗਪਗ 500 ਜ਼ਖਮੀ ਹੋਏ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਕ ਵਾਰ ਫਿਰ ਇਰਾਨ ਨੂੰ ਧਮਕੀ ਦਿਤੀ ਹੈ। ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ ਉਸ ਨੇ ਸੋਮਵਾਰ ਨੂੰ ਕਿਹਾ ਕਿ ਉਰਾਨ ਦੇ ਹਮਲੇ ਦਾ ਨੁਕਸਾਨ ਤਹਿਰਾਨ ਦੇ ਲੋਕਾਂ ਨੂੰ ਭੁਗਤਣਾ ਪਵੇਗਾ।
ਦੱਸ ਦਈਏ ਕਿ ਇਜ਼ਰਾਈਲ ਨੇ ‘ਆਪ੍ਰੇਸ਼ਨ ਰਾਈਜ਼ਿੰਗ ਲਾਇਨ’ ਤਹਿਤ 200 ਲੜਾਕੂ ਜਹਾਜ਼ਾਂ ਨਾਲ ਇਰਾਨ ‘ਤੇ ਹਮਲਾ ਕੀਤਾ ਸੀ। ਇਜ਼ਰਾਈਲ ਦੀ ਕਾਰਵਾਈ ਵਿਚ 14 ਇਰਾਨੀ ਵਿਗਿਆਨੀ ਤੇ 20 ਤੋਂ ਵੱਧ ਫੌਜੀ ਕਮਾਂਡਰ ਮਾਰੇ ਗਏ ਸੀ। ਇਰਾਨ ਨੇ ਜਵਾਬੀ ਕਾਰਵਾਈ ਕੀਤੀ ਤੇ ਇਸ ਨੂੰ ‘ਟਰੂ ਪ੍ਰੋਮਿਸ ਥ੍ਰੀ’ ਨਾਮ ਦਿਤਾ। ਸੈਂਕੜੇ ਮਿਜ਼ਾਈਲਾਂ ਦਾਗੀਆਂ ਗਈਆਂ। ਚਰਚਾ ਹੈ ਕਿ ਇਜ਼ਰਾਈਲ ਇਰਾਨੀ ਸੁਪਰੀਮ ਲੀਡਰ ਖਮੇਨੀ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ ਪਰ ਟਰੰਪ ਵਲੋਂ ਵੀਟੋ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਉਧਰ, ਇਜ਼ਰਾਈਲੀ ਹਮਲਿਆਂ ਦੇ ਵਿਚਕਾਰ ਭਾਰਤ ਨੇ ਇਰਾਨ ਵਿਚ ਆਪਣੇ ਵਿਦਿਆਰਥੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ ਹਨ। ਇਸ ਸਮੇਂ ਇਰਾਨ ਵਿਚ 10 ਹਜ਼ਾਰ ਭਾਰਤੀ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੇ ਡਿਪਲੋਮੈਟ ਇਰਾਨ ਵਿਚ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਵਿਚ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਹਿਰਾਨ ਵਿਚ ਭਾਰਤੀ ਦੂਤਾਵਾਸ ਸੁਰੱਖਿਆ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਤੇ ਭਾਰਤੀ ਵਿਦਿਆਰਥੀਆਂ ਦੇ ਸੰਪਰਕ ਵਿਚ ਹੈ। ਦੂਤਾਵਾਸ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਇਰਾਨ ਦੇ ਅੰਦਰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ।
