ਪ੍ਰਭ ਧਾਲੀਵਾਲ ਸਪੋਰਟਸ ਕਲੱਬ ਨੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ


ਪੱਟੀ, 12 ਜੂਨ (ਚੇਤਨ ਮਹਿਰਾ ਕੰਵਲਦੀਪ ਸਾਬੀ) : ਧਾਲੀਵਾਲ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ‘ਤੇ ਯੂਥ ਆਗੂ ਪ੍ਰਭਜੋਤ ਸਿੰਘ ਪ੍ਰਭ ਧਾਲੀਵਾਲ ਸਪੁੱਤਰ ਸਰਪੰਚ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਪਿੱਛਲੇ ਤਿੰਨ ਦਹਾਕਿਆਂ ਤੋਂ ਪਿੰਡ ਧਾਰੀਵਾਲ ਅਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਲਈ ਉੱਚ ਪੱਧਰ ਦਾ ਨਾਮਵਰ ਧਾਲੀਵਾਲ ਕਬੱਡੀ ਕੱਪ, ਵਾਲੀਬਾਲ, ਫੁੱਟਬਾਲ, ਕ੍ਰਿਕਟ ਟੂਰਨਾਮੈਂਟ ਅਤੇ ਐਥਲੈਟਿਕਸ ਚੈਂਪੀਅਨਸ਼ਿਪ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਕੇ ਗਲਤ ਸੰਗਤ ਵਿੱਚ ਪੈਣ ‘ਤੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਆ ਕੇ ਗਲਤ ਪਾਸੇ ਤੁਰਨ ਤੋਂ ਰੋਕ ਕੇ ਨੌਜਵਾਨ ਪੀੜ੍ਹੀ ਨੂੰ ਆਪਣਾ ਨਾਤਾ ਖੇਡ ਸਟੇਡੀਅਮ, ਕਬੱਡੀ ਅਖਾੜਿਆਂ ਨਾਲ ਜੋੜਨ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪ੍ਰਭ ਧਾਲੀਵਾਲ ਵੱਲੋਂ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਜੀ ਵਿਖੇ ਨੌਜਵਾਨਾਂ ਨੂੰ ਵਾਲੀਬਾਲ,ਫੁੱਟਬਾਲ,ਕਬੱਡੀ ਕਿੱਟਾਂ ਵੰਡਣ ਮੌਕੇ ਕਿਹਾ ਕਿ ਅਸੀਂ ਨੌਜਵਾਨ ਪੀੜ੍ਹੀ ਦਾ ਖਿਆਲ ਰੱਖੀਏ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇ ਕੇ ਚੰਗੇ ਪਾਸੇ ਲਾਈਏ ਤਾਂ ਜੋ ਨੌਜਵਾਨ ਆਪਣੇ ਇਲਾਕੇ,ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾ ਸਕਣ।

ਇਸ ਮੌਕੇ ਬਾਬਾ ਜਸਬੀਰ ਸਿੰਘ ਰੱਬ ਧਾਲੀਵਾਲ ਨੇ ਪ੍ਰਭ ਧਾਲੀਵਾਲ ਸਪੋਰਟਸ ਕਲੱਬ ਵੱਲੋਂ ਇਲਾਕੇ ਵਿੱਚ ਖੇਡਾਂ ਖਾਸ ਤੌਰ ਤੇ ਫੁੱਟਬਾਲ, ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਭ ਧਾਲੀਵਾਲ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਮੇਸ਼ਾ ਉਤਸ਼ਾਹਿਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ, ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ ਇਹ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ। ਗੁਰਬਾਣੀ ਦਾ ਫੁਰਮਾਨ ਹੈ “ਹੱਸਣ ਖੇਡਣ ਮਨ ਕਾ ਚਾਓ” ਇਨ੍ਹਾਂ ਵਾਕਾਂ ‘ਤੇ ਪੂਰਨੇ ਪਾਉਂਦੇ ਹੋਏ ਪ੍ਰਭ ਧਾਲੀਵਾਲ ਸਪੋਰਟਸ ਕਲੱਬ ਪਿੱਛਲੇ ਤਿੰਨ ਦਹਾਕਿਆਂ ਤੋਂ ਯਤਨਸ਼ੀਲ ਹੈ।
ਇਸ ਮੌਕੇ ਸਰਪੰਚ ਦਰਸ਼ਨ ਸਿੰਘ ਧਾਲੀਵਾਲ, ਮਹਿਲ ਸਿੰਘ ਧਾਲੀਵਾਲ,ਸੂਬੇਦਾਰ ਗੁਰਸੇਵਕ ਸਿੰਘ ਭੂਰਾ ਕੋਹਨਾ, ਦਵਿੰਦਰ ਸਿੰਘ ਭਲਵਾਨ ਕਬੱਡੀ ਕੋਚ, ਸਤਿਨਾਮ ਸਿੰਘ, ਸਿਕੰਦਰ ਸਿੰਘ ਧਾਲੀਵਾਲ, ਲਵਜੀਤ ਸਿੰਘ ਬਾਬਾ, ਗੁਰਪਿਆਰ ਸਿੰਘ, ਅਜੈਪਾਲ ਸਿੰਘ ਧਾਲੀਵਾਲ, ਗੁਰਨਾਜ਼ ਸਿੰਘ ਧਾਲੀਵਾਲ, ਕਬੱਡੀ ਕਮੈਂਟਰ ਰਾਣਾ ਸਿੰਘਪੁਰੀਆ, ਵਰਿੰਦਰ ਖੇਮਕਰਨ, ਗੁਰਚਰਨ ਸਿੰਘ ਚੰਨ ਧਾਰੀਵਾਲ,ਸੁਖਪਾਲ ਸਿੰਘ,ਗੁਰਮੁਖ ਸਿੰਘ, ਗੁਰਦੇਵ ਸਿੰਘ,ਗੁਰਪ੍ਰੀਤ ਸਿੰਘ ਆਦਿ ਸੇਵਾਦਾਰ ਅਤੇ ਸਹਿਯੋਗੀ ਸੰਗਤਾਂ ਹਾਜ਼ਰ ਸਨ।