ਜਲੰਧਰ ‘ਚ ਦੁਕਾਨਦਾਰ ਤੇ ਹੋਏ ਹਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ

ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਜਲੰਧਰ 12 ਜੂਨ ( ਨਿਊਜ਼ ਟਾਊਨ ਨੈੱਟਵਰਕ ) ਜਲੰਧਰ ਦੇ ਥਾਣਾ 3 ਅਧੀਨ ਪੈਂਦੇ ਮਿਲਾਪ ਚੌਂਕ ‘ਤੇ ਦੁੱਗਲ ਚਾਂਪ ‘ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਦੁਕਾਨਦਾਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ‘ਤੇ ਰੋਸ ਜਤਾਇਆ। ਇਸ ਮਾਮਲੇ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਪੂਰਾ ਸ਼ਹਿਰ ਬੰਦ ਕਰ ਦੇਣਗੇ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕਿਹਾ ਕਿ ਇਸ ਘਟਨਾ ‘ਤੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਹੋਰ ਵਿਅਕਤੀਆਂ ਵਿਰੁੱਧ ਇਕ ਬਾਏਨੇਮ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ 4 ਨਾਮੀ ਅਤੇ 10 ਤੋਂ 15 ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਡੀ. ਸੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਰੋਸਾ ਦਿੱਤਾ ਹੈ ਕਿ ਅੱਜ ਸ਼ਾਮ ਤੱਕ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਸ਼ੈਰੀ ਚੱਢਾ ਸਮੇਤ ਕਈ ਆਗੂ ਅੱਜ ਦੋਬਾਰਾ ਦੁਕਾਨ ‘ਤੇ ਪਹੁੰਚੇ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਨਿਤਿਨ ਕੋਹਲੀ ਨੇ ਕਿਹਾ ਕਿ ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ ਅਤੇ ਹਮਲਾਵਰਾਂ ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ ਹੈ। ਕੋਹਲੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕਿਹਾ ਕਿ ਨਿਹੰਗ ਬਾਣੇ ਵਿੱਚ ਆ ਕੇ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਜੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਹੋਰ ਹਮਲਾਵਰਾਂ ਨੂੰ ਫੜ ਲਿਆ ਜਾਵੇਗਾ। ਡੋਗਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਹਮਲਾਵਰ ਕਿਸੇ ਪਿੰਡ ਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਮਿਲਾਪ ਚੌਂਕ ਕੋਲ ਦੁੱਗਲ ਚਾਂਪ ਨਾਂ ਦੀ ਦੁਕਾਨ ’ਤੇ ਬੀਤੇ ਦਿਨ ਕੁਝ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਇਹੀ ਲੋਕ ਉਨ੍ਹਾਂ ਦੀ ਦੁਕਾਨ ’ਤੇ ਆਏ ਸਨ, ਜਿਨ੍ਹਾਂ ਦਾ ਆਰਡਰ ਸਿਰਫ਼ 20 ਮਿੰਟ ਲੇਟ ਹੋ ਗਿਆ ਸੀ, ਜਿਸ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ।