RCB ਦੀ ਜਿੱਤ ਦੇ ਜਸ਼ਨ ਦੌਰਾਨ ਹੋਈਆਂ ਮੌਤਾਂ ‘ਚ ਹੈਰਾਨੀਜਨਕ ਖੁਲਾਸਾ !

ਸਰਕਾਰ ਨੇ ਕੋਰਟ ‘ਚ ਦਿੱਤੀ ਦਲੀਲ

ਕਰਨਾਟਕ 12 ਜੂਨ ( ਨਿਊਜ਼ ਟਾਊਨ ਨੈੱਟਵਰਕ ) ਕਰਨਾਟਕ ਸਰਕਾਰ ਨੇ ਹਾਈ ਕੋਰਟ ਦੇ ਸਾਹਮਣੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਐੱਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਾਜੜ ਲਈ ਜ਼ਿੰਮੇਵਾਰ ਠਹਿਰਾਇਆ। ਸਰਕਾਰ ਨੇ ਹਾਈ ਕੋਰਟ ਦੇ ਸਾਹਮਣੇ ਕਿਹਾ ਕਿ ਆਯੋਜਕਾਂ ਨੇ ਅਧਿਕਾਰਤ ਇਜਾਜ਼ਤ ਪ੍ਰਾਪਤ ਕੀਤੇ ਬਿਨਾਂ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਨੂੰ ਸੱਦਾ ਦਿੱਤਾ।

ਰਾਇਲ ਚੈਲੇਂਜਰਜ਼ ਦੇ ਮਾਰਕੀਟਿੰਗ ਮੁਖੀ ਨਿਖਿਲ ਸੋਸਾਲੇ ਸਮੇਤ 4 ਲੋਕਾਂ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸੂਬੇ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਜਨਰਲ ਸ਼ਸ਼ੀ ਕਿਰਨ ਸ਼ੈੱਟੀ ਨੇ ਕਿਹਾ ਕਿ ਫ੍ਰੈਂਚਾਈਜ਼ੀ ਨੇ 3 ਜੂਨ ਨੂੰ ਮੈਚ ਤੋਂ ਸਿਰਫ਼ ਇਕ ਘੰਟਾ ਪਹਿਲਾਂ ਇਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਇਕ ਵਿਕਟਰੀ ਪਰੇਡ ਆਯੋਜਿਤ ਕਰਨਗੇ। ਸ਼ੈੱਟੀ ਨੇ ਅਦਾਲਤ ਨੂੰ ਦੱਸਿਆ ਕਿ ਇਹ ਇਜਾਜ਼ਤ ਦੀ ਅਪੀਲ ਨਹੀਂ ਸੀ, ਇਹ ਸਿਰਫ ਇਕ ਜਾਣਕਾਰੀ ਸੀ।

ਉਨ੍ਹਾਂ ਕਿਹਾ ਕਿ ਰਸਮੀ ਪ੍ਰਵਾਨਗੀ ਨਾ ਮਿਲਣ ਦੇ ਬਾਵਜੂਦ ਰਾਇਲ ਚੈਲੇਂਜਰਜ਼ ਅਤੇ ਬੀ.ਸੀ.ਸੀ.ਆਈ. ਨੇ 3 ਜੂਨ ਦੀ ਰਾਤ ਤੋਂ 4 ਜੂਨ ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿਚ ਸੋਸ਼ਲ ਮੀਡੀਆ ’ਤੇ ਵਿਆਪਕ ਪ੍ਰਚਾਰ ਕੀਤਾ, ਜਿਸ ਵਿਚ ਪ੍ਰਸ਼ੰਸਕਾਂ ਨਾਲ ਜਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਸ਼ੈੱਟੀ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਸ਼ੰਸਕਾਂ ਦਾ ਸਵਾਗਤ ਹੈ। ਅਜਿਹਾ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਸੱਦਾ ਦਿੱਤਾ ਹੋਵੇ।
