ਭੀਖੀ ‘ਚ ਉੱਜੜ੍ਹੇ ਮੁਹੱਲਾ ਪਾਰਕ, ਬਣੇ ਨਸ਼ੇੜੀਆਂ ਦੇ ਅੱਡੇ!

ਪਖਾਨਿਆਂ ਦੀ ਹਾਲਤ ਵੀ ਬਦਤਰ, ਪ੍ਰਸ਼ਾਸਨ ਬੇਖ਼ਬਰ !

ਭੀਖੀ,11 ਜੂਨ (ਬਹਾਦਰ ਖਾਨ) : ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਤਹਿਤ ਦੇਸ਼ ਨੂੰ ਖੁੱਲੇ ਵਿੱਚ ਪਖਾਨਾ ਮੁਕਤ ਕਰਨ ਲਈ ਪ੍ਰੋਗਰਾਮ ਤਹਿਤ ਨਗਰ ਪੰਚਾਇਤ ਭੀਖੀ ਅਧੀਨ ਆਉਂਦੇ 5 ਖੁੱਲੇ ਪਖਾਨਿਆਂ ਦਾ ਪੁਨਰਨਿਰਮਾਣ ਕਰਦੇ ਹੋਏ ਇੰਨਾਂ ਥਾਵਾਂ ‘ਤੇ ਪੱਕੇ ਆਧੁਨਿਕ ਪਖਾਨਿਆਂ ਦੇ ਨਾਲ ਨਾਲ ਖਾਲੀ ਜਮੀਨ ‘ਤੇ ਲੋਹੇ ਦੇ ਸ਼ੈਡ ਤੇ ਮੁਹੱਲਾ ਪਾਰਕ ਬਣਾਏ ਗਏ ਸਨ ਪ੍ਰੰਤੂ ਨਗਰ ਪੰਚਾਇਤ ਦੀ ਲਾਪਰਵਾਹੀ ਅਤੇ ਫੰਡਾਂ ਦੀ ਕਮੀ ਕਾਰਨ ਇੰਨਾਂ ਦੀ ਮੌਜੂਦਾ ਹਾਲਤ ਖਸਤਾ ਹੀ ਨਹੀ ਬਲਕਿ ਪਖਾਨਿਆਂ ਦਾ ਜਿਆਦਾਤਰ ਸਮਾਨ ਜਾਂ ਤਾਂ ਚੋਰੀ ਹੋ ਗਿਆ ਜਾ ਫਿਰ ਬੁਰੀ ਤਰਾਂ ਟੁੱਟਿਆ ਪਿਆ ਹੈ, ਫੁੱਲ ਬੂਟਿਆਂ ਦੀ ਥਾਂ ਇਥੇ ਵਿਰਾਨੀ ਹੈ ਜਦਕਿ ਸ਼ੈੱਡ ਸਿਰਫ ਪਸ਼ੂਆਂ ਦਾ ਆਸਰਾ ਬਣ ਕੇ ਰਹਿ ਗਏ ਹਨ।
ਧਲੇਵਾਂ ਰੋਡ, ਰਾਮ ਲੀਲ ਗਰਾਊਂਡ ਵਾਲੀ ਸੜਕ, ਸਿੱਖਣੀ ਦੇ ਗੁਰਦੁਆਰਾ ਸਾਹਿਬ ਕੋਲ ਬਣੇ ਇੰਨਾਂ ਕਮਿਊਨਿਟੀ ਪਖਾਨਿਆਂ ਅਤੇ ਪਾਰਕਾਂ ਦਾ ਵਜੂਦ ਬਿਲਕੁਲ ਖਤਮ ਹੋ ਚੁੱਕਾ ਹੈ। ਇਥੇ ਬਣੇ ਪਖਾਨਿਆਂ ‘ਚੋਂ ਸੈਨੇਟਰੀ ਦੇ ਸਮਾਨ ਤੋਂ ਇਲਾਵਾ ਪਾਣੀ ਦੀਆਂ ਟੈਂਕੀਆਂ ਅਤੇ ਮੋਟਰਾਂ ਵੀ ਗਾਇਬ ਹਨ। ਜਦੋਂ ਕਿ ਖੁੱਲੀ ਥਾਂ ਵਿੱਚ ਕੂੜਾ ਕਰਕਟ ਤੋਂ ਇਲਾਵਾ ਕੁਝ ਨਹੀ ਅਤੇ ਸ਼ੈਂਡਾਂ ਹੇਠ ਵੀ ਅੰਤਾਂ ਦੀ ਗੰਦਗੀ ਪਈ ਹੈ।
ਜਾਣਕਾਰੀ ਮੁਤਾਬਕ ਤਤਕਾਲ ਸੂਬੇ ਦੀ ਕਾਂਗਰਸ ਸਰਕਾਰ ਦੌਰਾਨ ਬਣੇ ਇੰਨਾਂ ਪਖਾਨਿਆਂ ਕਮ ਪਾਰਕਾਂ ‘ਤੇ 30 ਲੱਖ ਦੇ ਕਰੀਬ ਖਰਚ ਕੀਤਾ ਗਿਆ ਸੀ ਅਤੇ 2-3 ਸਾਲ ਤਾਂ ਇੰਨਾਂ ਦੀ ਸਥਿਤੀ ਠੀਕ ਰਹੀ ਪ੍ਰੰਤੂ ਬਾਅਦ ਵਿੱਚ ਰੱਖ ਰਖਾਵ ਲਈ ਫੰਡਾਂ ਦੀ ਕਮੀ ਕਾਰਨ ਇੰਨਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ ਅਤੇ ਅੱਜ ਇੰਨਾਂ ਦਾ ਰੂਪ ਮਹਿਜ ਖੰਡਹਾਰ ਮਾਤਰ ਹੈ ਅਤੇ ਵੇਲੇ ਕੁਵੇਲੇ ਨਸ਼ੇੜੀ ਇਥੇ ਨਸ਼ਾ ਕਰਦੇ ਆਮ ਦੇਖੇ ਜਾ ਸਕਦੇ ਹਨ।
ਸਮਾਜ ਸੇਵੀ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਨਗਰ ਪੰਚਾਇਤ ਨੂੰ ਪ੍ਰਧਾਨ ਮੰਤਰੀ ਸਵੱਛ ਭਾਰਤ ਯੋਜਨਾ ਤਹਿਤ ਉਪਲਬਧ ਫੰਡਾਂ ਵਿਚੋਂ ਇੰਨਾਂ ਦੀ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ ਅਤੇ ਨਗਰ ਪੰਚਾਇਤ ਵੀ ਆਪਣੇ ਨਿੱਜੀ ਫੰਡਾਂ ਵਿਚੋਂ ਆਪਣੀ ਗਰਾਂਟ ਖਰਚੇ।
ਉਨਾਂ ਅਫਸੋਸ ਜਾਹਿਰ ਕੀਤਾ ਕਿ ਬੇਸ਼ੱਕ ਸਫਾਈ ਕਾਰਜਾਂ ਲਈ ਨਗਰ ਪੰਚਾਇਤ ਨੂੰ ਵਕਤ ਦਰ ਵਕਤ ਕੇਂਦਰੀ ਫੰਡ ਉਪਲਬਧ ਹੁੰਦੇ ਹਨ ਪਰ ਇੰਨਾਂ ਫੰਡਾ ਦਾ ਸਦਉਪਯੋਗ ਨਹੀ ਕੀਤਾ ਜਾਂਦਾ ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਨਾਲ ਨਾਲ ਸਵੱਛ ਭਾਰਤ ਮੁਹਿੰਮ ਤਹਿਤ ਬਣੇ ਹੋਰ ਪ੍ਰੋਜੈਕਟਾਂ ਦੀ ਅਣਦੇਖੀ ਹੋ ਰਹੀ ਹੈ।
ਉਨਾਂ ਨਗਰ ਪੰਚਾਇਤ ਤੋਂ ਮੰਗ ਕੀਤੀ ਕਿ ਇੰਨਾਂ ਪਖਾਨਿਆਂ ਅਤੇ ਪਾਰਕਾਂ ਦੀ ਮੁਰੰਮਤ ਕਰਵਾਈ ਜਾਵੇ। ਨਗਰ ਪੰਚਾਇਤ ਆਪਣੇ ਨਿੱਜੀ ਫੰਡਾਂ ਵਿਚੋਂ ਵੀ ਇਥੇ ਪੈਸੇ ਖਰਚ ਕੇ ਰੁੱਖ ਅਤੇ ਸਜਾਵਟੀ ਬੂਟੇ ਲਗਾਵੇ ਤਾਂ ਜੋ ਵਾਤਾਵਰਨ ਨੂੰ ਸਵੱਛ ਰੱਖਿਆ ਜਾ ਸਕੇ ਅਤੇ ਨਾਗਰਿਕ ਇਨਾਂ ਸਹੂਲਤਾਂ ਦਾ ਲਾਭ ਲੈ ਸਕਣ।
ਉਧਰ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਵਰੁਨ ਕੁਮਾਰ ਸਹੋਤਾ ਨੇ ਦੱਸਿਆ ਕਿ ਉਨਾਂ ਨੂੰ ਹੁਣੇ ਹੁਣੇ ਹੀ ਭੀਖੀ ਨਗਰ ਪੰਚਾਇਤ ਦਾ ਚਾਰਜ ਮਿਲਿਆ ਹੈ ਅਤੇ ਉਹ ਇੰਨਾਂ ਪਾਰਕਾਂ ਸਬੰਧੀ ਜਾਣਕਾਰੀ ਇਕੱਤਰ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ।
